ਚੰਡੀਗੜ੍ਹ: ਕਾਂਗਰਸ ਭਵਨ ਵਿਖੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ 'ਚ ਫ਼ਾਈਟ ਫੋਰ ਰਾਈਟ ਪੰਜਾਬ ਸੰਸਥਾ ਦੀ ਆਗੂ ਸਿਮਰਨ ਕੌਰ ਗਿੱਲ ਨੇ 'ਬਚਪਨ ਬਚਾਓ' ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਸ ਦਾ ਮੁੱਖ ਉਦੇਸ਼ ਛੋਟੇ ਬੱਚਿਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਜਾਗਰੂਕ ਕਰਨਾ ਹੋਵੇਗਾ, ਜਿਸ ਨਾਲ ਸੂਬੇ 'ਚ ਛੋਟੇ ਬੱਚਿਆਂ ਨਾਲ ਹੁੰਦੇ ਸੈਕਸੁਅਲ ਐਬਿਊਜ਼ ਕ੍ਰਾਈਮ 'ਤੇ ਠੱਲ੍ਹ ਪਾਈ ਜਾ ਸਕੇ।
ਪੇਸ਼ੇ ਵੱਜੋਂ ਵਕੀਲ ਸਿਮਰਨ ਕੌਰ ਗਿੱਲ ਨੇ ਸ਼ੁੱਕਰਵਾਰ ਕਾਨਫ਼ਰੰਸ ਦੌਰਾਨ ਕਿਹਾ ਕਿ ਸੰਸਥਾ ਵੱਲੋਂ ਇੱਕ ਸਾਲ ਤੋਂ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ ਤੇ ਹੁਣ ਯੂਥ ਕਾਂਗਰਸ ਨਾਲ ਮਿਲ ਕੇ ਪਿੰਡ ਬਲਾਕ ਪੱਧਰ ਤੋਂ ਲੈ ਕੇ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ 'ਤੇ ਸੈਮੀਨਾਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਚਾਈਲਡ ਕੇਅਰ ਕਮਿਸ਼ਨ ਦੇ ਨਾਲ ਲਗਾਤਾਰ ਰਾਬਤਾ ਕਾਇਮ ਰੱਖਿਆ ਜਾ ਰਿਹਾ ਹੈ।
ਗਿੱਲ ਨੇ ਕਿਹਾ ਕਿ ਸੰਸਥਾ ਜਿਥੇ ਪੀੜਤ ਬੱਚਿਆਂ ਦੀ ਕੌਂਸਲਿੰਗ ਕੀਤੀ ਜਾਂਦੀ ਹੈ, ਉੱਥੇ ਹੀ ਸੰਸਥਾ ਵੱਲੋਂ ਸਰਕਾਰ ਨੂੰ ਵੀ ਮੰਗ ਕੀਤੀ ਜਾਂਦੀ ਹੈ ਕਿ ਚਾਈਲਡ ਕੇਅਰ ਹੋਮ ਬਣਾਏ ਜਾਣ ਅਤੇ ਬੱਚਿਆਂ ਦੀ ਕੌਂਸਲਿੰਗ ਕੀਤੀ ਜਾਵੇ ਤਾਂ ਜੋ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਇਸ ਸਥਿਤੀ ਤੋਂ ਬਾਹਰ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਫ਼ਾਸਟ ਟਰੈਕ ਕੇਸ ਸ਼ੁਰੂ ਤਾਂ ਹੋ ਜਾਂਦੇ ਹਨ ਪਰ ਉਹ ਪੂਰੀ ਤਰ੍ਹਾਂ ਹੁੰਦੇ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਕੇਸਾਂ ਨੂੰ ਪਹਿਲ ਦੇ ਆਧਾਰ 'ਤੇ ਲਏ ਅਤੇ ਜ਼ਰੂਰਤ ਪੈਣ 'ਤੇ ਹਾਈਕੋਰਟ ਦੀ ਵੀ ਸਹਾਇਤਾ ਲਵੇ।
ਉਧਰ, ਇਸ ਮੌਕੇ ਹਾਜ਼ਰ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਛੋਟੇ ਬੱਚਿਆਂ ਦੇ ਖ਼ਿਲਾਫ਼ ਹੁੰਦੇ ਕਰਾਈਮ ਦੇ ਕੇਸ ਫਾਸਟ ਟਰੈਕ ਕੋਰਟ ਸਣੇ ਸਪੈਸ਼ਲ ਕੋਰਟਾਂ ਵਿੱਚ ਚੱਲਣੇ ਚਾਹੀਦੇ ਹਨ, ਜਿਸ ਸਬੰਧੀ ਉਹ ਪੰਜਾਬ ਸਰਕਾਰ ਨੂੰ ਇਸ ਸਬੰਧੀ ਕਾਨੂੰਨ ਬਣਾਏ ਜਾਣ ਦੀ ਵੀ ਅਪੀਲ ਕਰਨਗੇ।