ਚੰਡੀਗੜ੍ਹ: ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਦੇ ਵਿਵਾਦਿਤ ਬਿਆਨ ਤੋਂ ਬਾਅਦ ਸਿਆਸੀ ਗਲਿਆਰਾ ਕਾਫੀ ਗਰਮਾ ਗਿਆ ਹੈ। ਸਿੱਧੂ ਦੇ ਸਲਾਹਕਾਰਾਂ ਦੇ ਬਿਆਨਬਾਜ਼ੀ ਤੋਂ ਬਾਅਦ ਹੁਣ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਨਵਜੋਤ ਸਿੰਘ ਸਿੱਧੂ ਅਤੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਜਾ ਰਿਹਾ ਹੈ।
ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਦੋ ਦੇਸ਼ ਪਾਕਿਸਤਾਨ ਦੇ ਖਿਲਾਫ ਸੀ ਉਸ ਸਮੇਂ ਪਾਕਿਸਤਾਨ ਦੇ ਪ੍ਰਧਾਨਮੰਤਰੀ ਵੱਲ ਕਿਸਨੇ ਹੱਥ ਵਧਾਇਆ? ਪਾਕਿਸਤਾਨੀ ਫੌਜ ਦੇ ਮੁਖੀ ਨੂੰ ਕਿਸਨੇ ਜੱਫੀ ਪਾਈ? ਉਹ ਨਵਜੋਤ ਸਿੰਘ ਸਿੱਧੂ ਹੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋ ਨਵਜੋਤ ਸਿੰਘ ਸਿੱਧੂ ਅਜਿਹੇ ਹਨ ਤਾਂ ਸਲਾਹਕਾਰਾਂ ਦੀ ਸ਼ਿਕਾਇਤ ਕਿਉਂ।
ਸੀਨੀਅਰ ਅਕਾਲੀ ਆਗੂ ਚੀਮਾ ਨੇ ਅੱਗੇ ਇਹ ਵੀ ਕਿਹਾ ਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਮਲੇ ’ਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਸਲਾਹਕਾਰ ਨਵਜੋਤ ਸਿੰਘ ਸਿੱਧੂ ਦੇ ਲਗਾਏ ਹੋਏ ਹਨ, ਸਲਾਹਕਾਰਾਂ ਦੀ ਸੋਚ ਆਪਸ ’ਚ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੂੰ ਸਲਾਹਕਾਰ ਲਗਾਇਆ ਗਿਆ ਹੈ। ਨਾਲ ਹੀ ਸਲਾਹਕਾਰ ਉਹ ਕੰਮ ਕਰਨਗੇ ਜੋ ਨਵਜੋਤ ਸਿੰਘ ਸਿੱਧੂ ਨੂੰ ਪਸੰਦ ਹੋਵੇਗਾ।
'ਕਿਸੇ ਤੋਂ ਨਹੀਂ ਲੁਕਿਆ ਕੈਪਟਨ-ਸਿੱਧੂ ਦਾ ਵਿਵਾਦ'
ਉਨ੍ਹਾਂ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਦਾ ਵਿਵਾਦ ਕਿਸੇ ਤੋਂ ਲੁਕਿਆ ਨਹੀਂ ਹੈ। ਸਾਰਾ ਦਿਨ ਸਾਰਾ ਸਮਾਂ ਇਹ ਇੱਕ ਦੂਜੇ ਨੂੰ ਨੀਵਾਂ ਦਿਖਾਾਉਣ ’ਤੇ ਲੱਗੇ ਹੋਏ ਹਨ। ਇਨ੍ਹਾਂ ਦਾ ਪੰਜਾਬ ਦੇ ਮਸਲਿਆ ’ਤੇ ਕੋਈ ਧਿਆਨ ਨਹੀਂ ਹੈ।
ਇਹ ਵੀ ਪੜੋ: ਵਿਵਾਦ ਤੋਂ ਬਾਅਦ ਸਿੱਧੂ ਵੱਲੋਂ ਸਲਾਹਕਾਰ ਤਲਬ !
ਦੂਜੇ ਪਾਸੇ ਸਾਂਸਦ ਮਨੀਸ਼ ਤਿਵਾੜੀ ਨੇ ਇੱਕ ਟਵੀਟ ਕਰਕੇ ਜਿੱਥੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਦਖ਼ਲ ਦੇ ਕੇ ਸਿੱਧੂ ਦੇ ਸਲਾਹਕਾਰਾਂ ਨੂੰ ਸਮਝਾਉਣ ਲਈ ਕਿਹਾ ਸੀ, ਉੱਥੇ ਇਹ ਵੀ ਕਿਹਾ ਸੀ ਕਿ ਦੋਵੇਂ ਸਲਾਹਕਾਰ ਕਾਂਗਰਸ ‘ਚ ਤਾਂ ਦੂਰ ਦੀ ਗੱਲ, ਭਾਰਤ ਵਿੱਚ ਰਹਿਣ ਲਾਇਕ ਨਹੀਂ ਹਨ। ਉਨ੍ਹਾਂ ਵਿੱਚੋਂ ਇੱਕ ਨੇ ਕਸ਼ਮੀਰ ਅਤੇ ਪਾਕਿ ਮੁੱਦਿਆਂ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ ਦਾ ਸਕੈਚ ਦਾ ਵਿਵਾਦ ਵੀ ਛੇੜ ਲਿਆ ਸੀ। ਜਿਸ ਤੋਂ ਬਾਅਦ ਕੈਪਟਨ ਵੱਲੋਂ ਤਾੜਨਾ ਦੇ ਬਾਵਜੂਦ ਮੱਲ੍ਹੀ ਨੇ ਹੋਰ ਬਿਆਨ ਜਾਰੀ ਕਰਕੇ ਕਹਿ ਦਿੱਤਾ, ‘ਸਹੁੰ ਖਾ ਕੇ ਮੁਕਰ ਗਿਆ, ਹੁਣ ਵਸ ਨਹੀਂ ਰਾਜਿਆ ਤੇਰੇ‘। ਕੈਪਟਨ ਤੇ ਤਿਵਾੜੀ ਦੀ ਤਾਕੀਦਾਂ ਉਪਰੰਤ ਹੀ ਸਿੱਧੂ ਨੇ ਦੋਵੇਂ ਸਲਾਹਕਾਰ ਤਲਬ ਕਰ ਲਏ ਹਨ।