ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆਵਾਂ 17 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਬਾਰੇ ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਅਧਿਕਾਰੀ ਪਲਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ। ਫਾਈਨਲ ਸਮੈਸਟਰ ਦੇ ਵਿਦਿਆਰਥੀਆਂ ਦੇ ਪੇਪਰ ਆਨਲਾਈਨ ਲਏ ਜਾਣਗੇ। ਇਸ ਸਬੰਧੀ ਡੇਟਸ਼ੀਟ ਵੀ ਜਾਰੀ ਕੀਤੀ ਗਈ ਹੈ।
ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪੰਜਾਬ ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿੱਚ ਪ੍ਰਮੋਟ ਕਰਨ ਦੇ ਲਈ ਇਹ ਪੇਪਰ ਲੈਣਾ ਜ਼ਰੂਰੀ ਹੈ। ਉਨ੍ਹਾਂ ਪ੍ਰੀਖਿਆਵਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 10 ਤੋਂ 15 ਸਤੰਬਰ ਤੱਕ ਪ੍ਰੈਕਟਿਕਲ ਪ੍ਰੀਖਿਆਵਾਂ ਹੋਣਗੀਆਂ। ਇਸ ਤੋਂ ਬਾਅਦ 17 ਸਤੰਬਰ ਤੋਂ ਵਿਸ਼ੇ ਮੁਤਾਬਕ ਲਿਖਤ ਪੇਪਰ ਲਏ ਹੋਣਗੇ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਹੋਵੇਗਾ। ਇਸ ਦੌਰਾਨ ਯੂਨੀਵਰਸਿਟੀ ਦੀ ਵੈਬਸਾਈਟ ਉੱਤੇ ਵਿਦਿਆਰਥੀਆਂ ਨੂੰ ਸਵੇਰੇ ਸਾਢੇ 8 ਵਜੇ ਪੇਪਰ ਮਿਲ ਜਾਵੇਗਾ। ਇਹ ਪੇਪਰ ਆਨਲਾਈਨ ਹੋਣਗੇ।
ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਉੱਤੇ ਨਜ਼ਰ ਰੱਖਣ ਦੇ ਲਈ ਟਾਈਮਿੰਗ ਦਿੱਤੀ ਗਈ ਹੈ। ਆਨਲਾਈਨ ਪੇਪਰ ਦੇ ਦੌਰਾਨ ਵਿਦਿਆਰਥੀਆਂ ਨੂੰ ਦਿੱਤੇ ਗਏ ਸਮੇਂ ਮੁਤਾਬਕ ਹੀ ਪੇਪਰ ਸ਼ੁਰੂ ਕਰਨਾ ਪਵੇਗਾ ਤੇ ਮਿੱਥੇ ਸਮੇਂ ਉੱਤੇ ਹੀ ਪੇਪਰ ਯੂਨੀਵਰਸਿਟੀ ਤੱਕ ਪਹੁੰਚਦਾ ਵੀ ਕਰਨਾ ਹੋਵੇਗਾ। ਪਾਸ ਹੋਣ ਲਈ ਵਿਦਿਆਰਥੀਆਂ ਦਾ 50 ਫੀਸਦੀ ਨੰਬਰ ਹਾਸਲ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਕਿਸੇ ਵਜ੍ਹਾਂ ਕਾਰਨ ਪੇਪਰ ਨਹੀਂ ਦੇ ਸਕੇਗਾ ਤਾਂ ਉਸ ਦੇ ਲਈ ਵੱਖਰੇ ਤੌਰ 'ਤੇ ਪੇਪਰ ਦੇਣ ਲਈ ਪ੍ਰਬੰਧ ਕੀਤੇ ਗਏ ਹਨ, ਜੋ ਕਿ ਆਗਾਮੀ ਸਮੇਂ 'ਤੇ ਲੋੜ ਮੁਤਾਬਕ ਹੀ ਦੱਸਿਆ ਜਾਵੇਗਾ।
ਅਧਿਕਾਰੀ ਨੇ ਦੱਸਿਆ ਕਿ ਫਾਈਨਲ ਸਮੈਸਟਰ ਤੇ ਪਾਸਆਊਟ ਹੋਣ ਵਾਲੇ ਵਿਦਿਆਰਥੀਆਂ ਲਈ ਆਨਲਾਈਨ ਪੇਪਰ ਦੇਣਾ ਲਾਜ਼ਮੀ ਹੈ। ਕਿਉਂਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਯੂਨੀਵਰਸਿਟੀ ਬੁਲਾ ਕੇ ਪੇਪਰ ਲੈਣਾ ਸੰਭਵ ਨਹੀਂ ਹੈ। ਪ੍ਰੀਖਿਆ ਸਬੰਧੀ ਦਿੱਕਤਾਂ ਦੇ ਲਈ ਵਿਦਿਆਰਥੀਆਂ ਦੇ ਲਈ ਖ਼ਾਸ ਤੌਰ 'ਤੇ ਵੈਬਸਾਈਟ ਵੀ ਬਣਾਈ ਗਈ ਹੈ। ਪੇਪਰ ਹੋਣ ਮਗਰੋਂ ਇੱਕ ਹਫ਼ਤੇ ਬਾਅਦ ਹੀ ਰਿਜ਼ਲਟ ਐਲਾਨ ਦਿੱਤਾ ਜਾਵੇਗਾ।