ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਸਥਿਤ ਮਹਿੰਦਰਾ ਕਾਲਜ ਦੇ ਵਿੱਚ ਹੁੰਦੇ ਘਪਲਿਆਂ ਤੋਂ ਪਰਦਾ ਚੁੱਕਣ ਉੱਤੇ ਪੱਤਰਕਾਰੀ ਵਿਭਾਗ ਦੇ ਪ੍ਰੋਫੈਸਰ ਸਣੇ ਕੰਪਿਊਟਰ ਸਾਇੰਸ ਅਤੇ ਬਾਇਓਟੈੱਕ ਦੇ ਪ੍ਰੋਫੈਸਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।
ਦਰਅਸਲ 5 ਸਾਲਾਂ ਤੋਂ ਠੇਕੇ ਉੱਤੇ ਕੰਮ ਕਰ ਰਹੇ ਅਧਿਆਪਕਾਂ ਵੱਲੋਂ ਕਾਲਜ ਦੀ ਬੋਰਡ ਆਫ ਗਵਰਨੈਂਸ ਸਣੇ ਪ੍ਰਿੰਸੀਪਲ ਅਤੇ ਕਈ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਘਪਲਿਆਂ ਦਾ ਪਰਦਾਫਾਸ਼ ਕਰਦਿਆਂ ਵਿਜੀਲੈਂਸ ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਉੱਚ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਤਮਾਮ ਸਬੰਧਤ ਅਫ਼ਸਰਾਂ ਨੂੰ ਚਿੱਠੀ ਲਿਖ ਕੇ ਕਰੋੜਾਂ ਦੇ ਘਪਲੇ ਬਾਰੇ ਦੱਸਿਆ ਗਿਆ ਸੀ। ਇਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਬਲਕਿ ਪ੍ਰੋਫ਼ੈਸਰਾਂ ਦੇ ਮੀਡੀਆ ਵਿੱਚ ਆਉਣ 'ਤੇ ਕਾਲਜ ਨੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕੰਪਿਊਟਰ ਸਾਇੰਸ ਦੇ ਪ੍ਰੋਫੈਸਰ ਜਸ਼ਨਪ੍ਰੀਤ ਜੋਸ਼ੀ ਨੇ ਦੱਸਿਆ ਕਿ ਉਸ ਸਮੇਂ ਦੀ ਪ੍ਰਿੰਸੀਪਲ ਅਤੇ ਰਿਟਾਇਰਡ ਪ੍ਰੋਫੈਸਰ ਨੂੰ ਕਿਵੇਂ ਸੁਪਰੀਡੈਂਟ ਬਣਾਇਆ ਗਿਆ ਤੇ ਕਿਵੇਂ ਉਥੇ ਕੰਮ ਕਰਨ ਵਾਲਿਆਂ ਨੂੰ ਰਿਓੜੀਆਂ ਵਾਂਗ ਅਹੁਦੇ ਵੰਡੇ ਗਏ।
ਇਸੇ ਦੌਰਾਨ ਪੱਤਰਕਾਰੀ ਵਿਭਾਗ ਦੇ ਪ੍ਰੋਫੈਸਰ ਅਮਰਿੰਦਰ ਟਿਵਾਣਾ ਨੇ ਦੱਸਿਆ ਕਿ ਇੱਕ ਸਾਲ ਤੋਂ ਵਿਜੀਲੈਂਸ ਕੋਲ ਪਈ ਜਾਂਚ ਨਾ ਕਰਨ 'ਤੇ ਹੀ ਉਹ ਮੀਡੀਆ ਦੇ ਵਿੱਚ ਪਹੁੰਚੇ ਸਨ, ਪਰ ਕਾਲਜ ਮੈਨੇਜਮੈਂਟ ਨੇ ਉਨ੍ਹਾਂ ਨੂੰ ਇਹ ਨੋਟਿਸ ਦਿੰਦਿਆਂ ਬਾਹਰ ਦਾ ਰਸਤਾ ਦਿਖਾ ਦਿੱਤਾ ਕਿ ਉਨ੍ਹਾਂ ਦੀ ਬਿਨ੍ਹਾਂ ਆਗਿਆ ਕਾਲਜ ਦੀ ਤਸਵੀਰ ਮੀਡੀਆ ਵਿੱਚ ਖ਼ਰਾਬ ਕੀਤੀ ਗਈ ਹੈ। ਜਦਕਿ ਉਨ੍ਹਾਂ ਵੱਲੋਂ ਕਰੋੜਾਂ ਦੇ ਕੀਤੇ ਘਪਲਿਆਂ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰੋਫੈਸਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਉੱਪਰ ਸੀਐੱਸਆਰ ਨਿਯਮ ਲਾਗੂ ਨਹੀਂ ਹੁੰਦਾ।