ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦਾ ਪੁਰਾਣਾ ਵੈਰੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨ ਮੋਦੀ ਨੂੰ ਮਿਲਣ ਲਈ ਦਿੱਲੀ ਪਹੁੰਚੇ ਹੋਏ ਹਨ, ਜਦਕਿ ਮੋਦੀ ਅੱਖ ਬਚਾ ਕੇ ਗੁਜਰਾਤ ਪਹੁੰਚ ਗਏ ਹਨ। ਮਾਨ ਨੇ ਕਿਹਾ ਕਿ ਮੋਦੀ ਦੇਸ਼ ਵਿੱਚ ਚੱਲ ਰਹੇ ਪ੍ਰਮੁੱਖ ਮੁੱਦਿਆਂ ਤੋਂ ਭੱਜ ਰਹੇ ਹਨ। ਇਸ ਤਰ੍ਹਾਂ ਚੋਣਵੇਂ ਕਿਸਾਨਾਂ ਨਾਲ ਮਨਘੜਤ ਬੈਠਕਾਂ ਕਰਨਾ ਅਤੇ ਕਿਸਾਨਾਂ ਦੀਆਂ ਗੱਲਾਂ ਨੂੰ ਨਕਾਰਨਾ ਨਿੰਦਣਯੋਗ ਹੈ। ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਕਹਿਣੀ ਅਤੇ ਕਰਨੀ ਵਿੱਚ ਹਮੇਸ਼ਾ ਦਿਨ-ਰਾਤ ਦਾ ਫ਼ਰਕ ਰਹਿੰਦਾ ਹੈ।
'ਪੰਜਾਬ ਦੇ ਲੋਕਾਂ ਨਾਲ ਮੋਦੀ ਦਾ ਪੁਰਾਣਾ ਵੈਰ'
ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾਅਵਾ ਕਰਦੇ ਹਨ ਕਿ ਉਹ ਕਿਸਾਨਾਂ ਨੂੰ ਮਿਲਣ ਲਈ 24 ਘੰਟੇ ਉਪਲੱਬਧ ਹਨ ਪ੍ਰੰਤੂ ਦਿੱਲੀ ਦੇ ਬਾਰਡਰ 'ਤੇ ਖੁੱਲ੍ਹੇ ਅਸਮਾਨ ਵਿੱਚ 20 ਦਿਨਾਂ ਤੋਂ ਬੈਠੇ ਕਿਸਾਨ ਨਜ਼ਰ ਨਹੀਂ ਆ ਰਹੇ। ਮਾਨ ਨੇ ਕਿਹਾ ਕਿ ਗੁਜਰਾਤ ਵਿੱਚ ਜਿਨ੍ਹਾਂ ਪੰਜਾਬੀ ਕਿਸਾਨਾਂ ਨੂੰ ਮਿਲਣ ਦਾ ਮੋਦੀ ਦਾਅਵਾ ਕਰ ਰਹੇ ਹਨ ਮੁੱਖ ਮੰਤਰੀ ਰਹਿੰਦੇ ਹੋਏ ਉਨ੍ਹਾਂ ਦੀਆਂ ਜ਼ਮੀਨਾਂ ਖੋਹੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਮੋਦੀ ਸ਼ੁਰੂ ਹੋਏ ਪੰਜਾਬ ਅਤੇ ਪੰਜਾਬੀਆਂ ਨੂੰ ਨਫ਼ਰਤ ਕਰਦੇ ਹਨ ਅਤੇ ਉਨ੍ਹਾਂ ਦੇ ਖ਼ਿਲਾਫ਼ ਭੁਗਤੇ ਹਨ।
'ਕਾਰਪੋਰੇਟ ਘਰਾਣਿਆਂ ਲਈ ਪੂਰੇ ਦੇਸ਼ ਦੇ ਕਿਸਾਨਾਂ ਦੀ ਜ਼ਮੀਨ ਖੋਹਣਾ ਚਾਹੁੰਦੇ ਹਨ ਪ੍ਰਧਾਨ ਮੰਤਰੀ'
ਉਨ੍ਹਾਂ ਕਿਹਾ ਕਿ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਪੰਜਾਬੀ ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਅਤੇ ਹੁਣ ਪ੍ਰਧਾਨ ਮੰਤਰੀ ਬਣ ਕੇ ਪੂਰੇ ਦੇਸ਼ ਦੇ ਕਿਸਾਨਾਂ ਦੀ ਜ਼ਮੀਨ ਖੋਹ ਕੇ ਅਡਾਨੀ-ਅੰਬਾਨੀ ਨੂੰ ਦੇਣਾ ਚਾਹੁੰਦੇ ਹਨ। ਮੋਦੀ ਨੂੰ ਪੁੱਛਦਿਆਂ ਮਾਨ ਨੇ ਕਿਹਾ ਕਿ ਜਦੋਂ ਇੱਕ ਪਾਸੇ ਪੂਰੇ ਦੇਸ਼ ਦੇ ਕਿਸਾਨ ਦਿੱਲੀ ਦੇ ਬਾਰਡਰ 'ਤੇ ਮੋਦੀ ਨੂੰ ਮਿਲਣ ਲਈ ਬੈਠੇ ਹਨ ਤਾਂ ਗੁਜਰਾਤ ਜਾ ਕੇ ਕਿਹੜੇ ਲੋਕਾਂ ਸਾਹਮਣੇ ਬਿੱਲਾਂ ਨੂੰ ਚੰਗਾ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੀ ਮੋਦੀ ਸੰਪੂਰਨ ਦੇਸ਼ ਦੇ ਪ੍ਰਧਾਨ ਮੰਤਰੀ ਹਨ ਜਾਂ ਸਿਰਫ਼ ਗੁਜਰਾਤ ਦੇ? ਮੋਦੀ ਦੇ ਅੜੀਅਲ ਰਵੱਈਏ ਨਾਲ ਪੰਜਾਬ ਦੇ ਕਿਸਾਨ, ਵਪਾਰੀ ਅਤੇ ਮਜ਼ਦੂਰ ਸਮੇਤ ਸਾਰੇ ਵਰਗ ਪ੍ਰੇਸ਼ਾਨ ਹਨ ਪ੍ਰੰਤੂ ਉਨ੍ਹਾਂ ਨੂੰ ਕਿਸੇ ਦੀ ਪ੍ਰਵਾਹ ਨਹੀਂ।
ਭਗਵੰਤ ਮਾਨ ਨੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਵੱਲੋਂ ਅਸਲੀ ਕਿਸਾਨ ਯੂਨੀਅਨ ਨਾਲ ਹੀ ਗੱਲਬਾਤ ਕਰਨ ਦੇ ਬਿਆਨ ਦੀ ਕਰੜੀ ਨਿੰਦਾ ਕਰਦੇ ਹੋਏ ਕਿਹਾ ਕਿ ਜੇਕਰ ਤੁਹਾਨੂੰ ਦਿੱਲੀ ਦੇ ਬਾਰਡਰ ਉੱਤੇ ਅੰਦੋਲਨ ਕਰ ਰਹੇ ਕਿਸਾਨ ਅਸਲੀ ਨਹੀਂ ਲੱਗਦੇ ਤਾਂ ਹੁਣ ਤਕ ਇਨ੍ਹਾਂ ਨਾਲ 6 ਦੌਰ ਦੀਆਂ ਲੰਬੀਆਂ ਮੀਟਿੰਗਾਂ ਕਿਉਂ ਕੀਤੀਆਂ?
ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਭਰਮ ਵਿੱਚ ਪਾ ਕੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀ ਨੀਤੀ ਛੱਡ ਕੇ ਮੋਦੀ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਜਦੋਂ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਵਿੱਚ 70 ਪ੍ਰਤੀਸ਼ਤ ਤੱਕ ਬਦਲਾਅ ਲਈ ਤਿਆਰ ਹੈ ਤਾਂ ਪੂਰੇ ਦੇ ਪੂਰੇ ਖੇਤੀ ਕਾਨੂਨ ਵਾਪਸ ਲੈਣ ਵਿੱਚ ਕੀ ਦਿੱਕਤ ਹੈ।