ਚੰਡੀਗੜ੍ਹ: ਮਨੋਹਰ ਲਾਲ ਖੱਟਰ ਨੇ ਰਾਜਪਾਲ ਵੀ.ਪੀ. ਸਿੰਘ ਬਦਨੋਰ ਨਾਲ ਮੁਲਾਕਾਤ ਕਰ ਹਰਿਆਣਾ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਉਨ੍ਹਾਂ ਭਾਜਪਾ ਨੂੰ ਹਮਾਇਤ ਕਰਨ ਵਾਲੇ ਹੋਰ ਆਜ਼ਾਦ ਤੇ ਜੇਜੇਪੀ ਦੇ ਵਿਧਾਇਕਾ ਦੀ ਸੂਚੀ ਵੀ ਸੌਂਪੀ। ਇਸ ਤੋਂ ਪਹਿਲਾ ਹਰਿਆਣਾ ਭਾਜਪਾ ਵਿਧਾਇਕ ਪਾਰਟੀ ਦੀ ਮੀਟਿੰਗ 'ਚ ਮਨੋਹਰ ਲਾਲ ਨੂੰ ਮੁੜ ਤੋਂ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਹੈ।
ਮੁੱਖ ਮੰਤਰੀ ਮਨੋਹਰ ਲਾਲ ਐਤਵਾਰ ਨੂੰ ਦੁਪਹਿਰ 2 ਵਜੇ ਸਹੁੰ ਚੁੱਕਣਗੇ। ਦੂਜੇ ਪਾਸੇ ਦੁਸ਼ਯੰਤ ਚੌਟਾਲਾ ਦਾ ਨਾਂਅ ਰਹਿਆਣਾ ਦੇ ਡਿਪਟੀ ਸੀਐਮ ਲਈ ਚੁਣਿਆ ਗਿਆ ਹੈ। ਇਸ ਮੌਕੇ ਦੁਸ਼ਯੰਤ ਚੌਟਾਲਾ ਸਣੇ ਖੱਟਰ ਸਰਕਾਰ ਦੇ ਬਾਕੀ ਮੰਤਰੀ ਵੀ ਸਹੁੰ ਚੁੱਕਣਗੇ। ਦੱਸ ਦਈਏ ਕਿ ਪਹਿਲਾਂ ਇੱਥੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੁਪਰਵਾਈਜ਼ਰ ਬਣ ਆਉਣਾ ਸੀ ਪਰ ਉਨ੍ਹਾਂ ਦੀ ਥਾਂ ਇੱਥੇ ਰਵੀਸ਼ੰਕਰ ਪਹੁੰਚੇ। ਇਸ ਦੇ ਨਾਲ ਇੱਥੇ ਭਾਜਪਾ ਦੇ ਮਹਾ ਸਕੱਤਰ ਅਰੁਣ ਜੈਨ ਵੀ ਮੌਜੂਦ ਰਹੇ।
ਹਰਿਆਣਾ ਵਿਧਾਨ ਸਭਾ ’ਚ ਕਿਸੇ ਇੱਕ ਪਾਰਟੀ ਨੂੰ ਪੂਰਨ ਬਹੁਮੱਤ ਨਹੀਂ ਮਿਲ ਸਕਿਆ, ਭਾਵੇਂ ਭਾਜਪਾ 40 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਚੋਣ ਨਤੀਜੇ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਗਲੀ ਸਰਕਾਰ ਬਣਾਉਣ ਲਈ ਜ਼ਰੂਰੀ ਬਹੁਮੱਤ ਦੇ ਅੰਕੜਿਆਂ ਤੋਂ 6 ਸੀਟਾਂ ਪਿੱਛੇ ਰਹਿ ਗਈ ਹੈ।