ਚੰਡੀਗੜ੍ਹ: ਭਾਰਤ ਦੇ ਮਹਾਨ ਸਪ੍ਰਿੰਟਰ ਮਿਲਖਾ ਸਿੰਘ ਦਾ ਇੱਕ ਮਹੀਨੇ ਤੱਕ ਕੋਰੋਨਾ ਦੀ ਲਾਗ ਨਾਲ ਲੜਨ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਦੇਹਾਂਤ ਸ਼ੁੱਕਰਵਾਰ ਦੇਰ ਰਾਤ 11.30 ਵਜੇ ਹੋਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਅਤੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਮਿਲਖਾ ਸਿੰਘ ਦੀ ਵੀ ਕੋਰੋਨਾ ਦੀ ਲਾਗ ਕਾਰਨ ਮੌਤ ਹੋ ਗਈ ਸੀ।
ਪਦਮਸ੍ਰੀ ਮਿਲਖਾ ਸਿੰਘ 91 ਸਾਲ ਦੇ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦਾ ਪੁੱਤਰ ਗੋਲਫ਼ਰ ਜੀਵ ਮਿਲਖਾ ਸਿੰਘ ਅਤੇ ਤਿੰਨ ਧੀਆਂ ਹਨ। ਉਨ੍ਹਾਂ ਦੇ ਪਰਿਵਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਰਾਤ 11.30 ਵਜੇ ਆਖਰੀ ਸਾਹ ਲਏ ਤੇ ਉਨ੍ਹਾਂ ਦਾ ਸਸਕਾਰ ਸੈਕਟਰ 25 ਦੇ ਸ਼ਮਸਾਨਘਾਟ ਵਿਚ ਸ਼ਾਮੀ 5 ਵਜੇ ਕੀਤਾ ਜਾਵੇਗਾ।
ਉਨ੍ਹਾਂ ਦੀ ਹਾਲਾਤ ਸ਼ਾਮ ਤੋਂ ਹੀ ਖਰਾਬ ਸੀ ਅਤੇ ਬੁਖਾਰ ਨਾਲ ਆਕਸੀਜਨ ਵੀ ਘੱਟ ਹੋ ਗਈ ਸੀ। ਉਹ ਇੱਥੇ ਪੀਜੀਆਈ ਐਮਈਆਰ ਦੇ ਆਈਸੀਯੂ ਵਿੱਚ ਭਰਤੀ ਸੀ। ਉਨ੍ਹਾਂ ਨੇ ਪਿਛਲੇ ਮਹੀਨੇ ਕੋਰੋਨਾ ਹੋਇਆ ਸੀ ਅਤੇ ਬੁੱਧਵਾਰ ਨੂੰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਉਨ੍ਹਾਂ ਨੇ ਜਨਰਲ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਵੀਰਵਾਰ ਦੀ ਸ਼ਾਮ ਤੋਂ ਪਹਿਲਾਂ ਉਨ੍ਹਾਂ ਦੀ ਹਾਲਾਤ ਸਥਿਰ ਹੋ ਗਈ ਸੀ।
ਚਾਰ ਵਾਰ ਏਸ਼ੀਆਈ ਖੇਡਾਂ ਦੇ ਸੋਨੇ ਦਾ ਤਗਮਾ ਜੇਤੂ ਮਿਲਖਾ ਸਿੰਘ ਨੇ 1958 ਰਾਸ਼ਟਰ ਮੰਡਲ ਵਿੱਚ ਵੀ ਪੀਲਾ ਤਗਮਾ ਹਾਸਲ ਕੀਤਾ ਸੀ। ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ ਹਾਲਾਕਿ 1960 ਦੇ ਰੋਮ ਓਲੰਪਿਕ ਵਿੱਚ ਸੀ, ਜਿਸ ਵਿੱਚ ਉਹ 400 ਮੀਟਰ ਫਾਈਨਲ ਵਿੱਚ ਚੌਥੇ ਸਥਾਨ ਉੱਤੇ ਰਹੇ ਸੀ। ਉਨ੍ਹਾਂ ਨੇ 1956 ਅਤੇ 1964 ਓਲੰਪਿਕ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੂੰ 1959 ਵਿੱਚ ਪਦਮਸ੍ਰੀ ਨਾਲ ਨਿਵਾਜਿਆ ਗਿਆ ਸੀ। ਮਿਲਖੀ ਸਿੰਘ ਦੀ ਮੌਤ ਉਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।