ਚੰਡੀਗੜ੍ਹ: ਕਾਨਪੁਰ ਦੇ ਖ਼ਤਰਨਾਕ ਗ਼ੁੰਡੇ ਵਿਕਾਸ ਦੂਬੇ ਦੇ ਐਨਕਾਊਂਟਰ ਤੋਂ ਬਾਅਦ ਰਾਜਸਥਾਨ ਦੀ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਐਨਕਾਊਂਟਰ ਦਾ ਖ਼ੌਫ਼ ਸਤਾਉਣ ਲੱਗ ਪਿਆ ਹੈ। ਲਾਰੈਂਸ ਬਿਸ਼ਨੋਈ ਨੇ ਕੋਰਟ ਵਿੱਚ ਚਿੱਠੀ ਲਿਖ ਅਪੀਲ ਕੀਤੀ ਹੈ ਕਿ ਉਸ ਨੂੰ ਪੇਸ਼ੀ ਦੇ ਦੌਰਾਨ ਹੱਥਕੜੀ ਲਗਾ ਕੇ ਲਿਆਂਦਾ ਜਾਵੇ।
ਲਾਰੈਂਸ ਬਿਸ਼ਨੋਈ ਦੇ ਵਕੀਲ ਤਲਵਿੰਦਰ ਸਿੰਘ ਨੇ ਈਟੀਵੀ ਨੂੰ ਦੱਸਿਆ ਕਿ ਚੰਡੀਗੜ੍ਹ ਦੇ ਠੇਕੇ 'ਤੇ ਹੋਈ ਫਾਇਰਿੰਗ ਮਾਮਲੇ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ ਵੀ ਜੋੜਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਕਿਸੇ ਦੂਜੀ ਗੈਂਗ ਵੱਲੋਂ ਉਸ ਦਾ ਐਨਕਾਊਂਟਰ ਨਾ ਕਰ ਦਿੱਤਾ ਜਾਵੇ ਇਸ ਨੂੰ ਲੈ ਕੇ ਵੀ ਜ਼ਿਆਦਾ ਸੁਰੱਖਿਆ ਦੀ ਮੰਗ ਲਾਰੈਂਸ ਬਿਸ਼ਨੋਈ ਵੱਲੋਂ ਕੀਤੀ ਗਈ ਹੈ।
ਵਕੀਲ ਮੁਤਾਬਕ, ਲਾਰੈਂਸ ਬਿਸ਼ਨੋਈ ਨੇ ਦਾਅਵਾ ਕੀਤਾ ਕਿ ਉਹ ਦੋ ਸਾਲ ਤੋਂ ਭਰਤਪੁਰ ਰਾਜਸਥਾਨ ਦੀ ਜੇਲ੍ਹ ਵਿੱਚ ਬੰਦ ਹੈ ਤੇ ਉਸ ਕੋਲ ਕੋਈ ਵੀ ਮੋਬਾਇਲ ਮੌਜੂਦ ਨਹੀਂ ਹੈ ਤੇ ਉਸ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਲਾਰੈਂਸ ਬਿਸ਼ਨੋਈ ਵੱਲੋਂ ਕੋਰਟ ਨੂੰ ਚਿੱਠੀ ਲਿਖ ਕਿਹਾ ਗਿਆ ਕਿ ਉਸ ਦੇ ਹੱਥ ਹੱਥਕੜੀ ਦੇ ਨਾਲ ਬੰਨ੍ਹ ਕੇ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇ ਤਾਂ ਜੋ ਕੱਲ੍ਹ ਨੂੰ ਕੋਈ ਹਾਦਸਾ ਹੁੰਦਾ ਹੈ ਤਾਂ ਉਸ ਦਾ ਨਾਮ ਕਿਸੇ ਵੀ ਝੂਠੇ ਕੇਸ ਵਿੱਚ ਦਰਜ ਨਾ ਕੀਤਾ ਜਾ ਸਕੇ।