ਚੰਡੀਗੜ੍ਹ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਰੇਲ ਰੋਕੋ ਅੰਦੋਲਨ 54ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਰੇਲ ਰੋਕੋ ਅੰਦੋਲਨ ਦੇ 54ਵੇਂ ਦਿਨ ਸੰਬੋਧਨ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਸਟੇਸ਼ਨ ਤੋਂ ਹੇਠਾਂ ਖੁੱਲੀ ਗਰਾਂਉਡ ਵਿੱਚ ਮੋਰਚਾ ਜਾਰੀ ਰਹੇਗਾ। ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 14 ਨਵੰਬਰ ਨੂੰ ਕਾਲੀ ਦਿਵਾਲੀ ਮਨਾਈ ਜਾਵੇਗੀ, ਪਿੰਡ ਪੱਧਰ 'ਤੇ ਪੂਰੇ ਪੰਜਾਬ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ।
ਪੰਧੇਰ ਨੇ ਕਿਹਾ ਕਿ ਜੰਡਿਆਲਾ ਰੇਲਵੇ ਪਲੇਟਫਾਰਮ ਤੋਂ ਮੋਰਚਾ ਨੇੜੇ ਖੁੱਲੀ ਥਾਂ 'ਤੇ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਲੋਕ ਹਿਤਾਂ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਤੇ ਉਮੀਦ ਹੈ ਕਿ ਹੁਣ ਕੇਂਦਰ ਸਰਕਾਰ ਕੋਈ ਹੋਰ ਬਹਾਨਾ ਨਹੀ ਬਣਾਵੇਗੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਭਾਜਪਾ ਆਗੂ ਜਿਆਣੀ ਵਰਗੇ ਨੇਤਾਵਾਂ ਦੀ ਨਹੀਂ ਸੁਣ ਰਹੀ ਤਾਂ ਕਿਸਾਨਾਂ ਨਾਲ ਕਿਹੜੀ ਗੱਲ ਕਰੇਗੀ। ਕੇਂਦਰ ਵੱਲੋਂ ਲਿਖਤੀ ਸੱਦੇ ਤੋਂ ਪਹਿਲਾਂ ਗੱਲਬਾਤ ਦੀਆਂ ਗੱਲਾਂ ਕਰਨੀਆਂ ਭਾਰਤ ਦੀ ਜਨਤਾ ਨੂੰ ਗੁੰਮਰਾਹ ਕਰਨ ਵਾਲੀਆਂ ਹਨ।