ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਉੱਦਮ ਦਾ ਐਲਾਨ ਕਰਦਿਆਂ ਕਿਹਾ ਕਿ ਜਿਲ੍ਹਾ ਪੱਧਰ 'ਤੇ ਸਮਰਪਿਤ ਤਕਨੀਕੀ ਯੂਨਿਟ, ਨਾਰਕੋਟਿਕਸ ਯੂਨਿਟ, ਸੋਸ਼ਲ ਮੀਡੀਆ ਯੂਨਿਟ ਅਤੇ ਸਾਬੋਤਾਜ ਵਿਰੋਧੀ ਨਿਗਰਾਨ ਟੀਮਾਂ ਹੋਣਗੀਆਂ ਜਿਸ ਨਾਲ ਸੂਬੇ ਦੀ ਕਾਨੂੰਨ ਲਾਗੂ ਕਰਨ ਵਾਲੀ ਮਸ਼ੀਨਰੀ ਹੋਰ ਮਜ਼ਬੂਤ ਹੋਵੇਗੀ।
ਪੁਲਿਸ ਅਤੇ ਜਾਂਚ-ਪੜਤਾਲ 'ਚ ਨਵੀਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸੂਬੇ ਦੀ ਕਾਨੂੰਨੀ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਕਦਮ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਚਾਰ ਸਾਲ ਦੇ ਸਮੇਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਸਥਿਰ ਬਣਾਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਕਾਨੂੰਨ ਲਾਗੂ ਕਰਨ ਵਾਲੀ ਸ਼ਕਤੀ ਨੂੰ ਹੋਰ ਕਾਰਗਰ ਬਣਾ ਰਹੀ ਹੈ। ਜਿੱਥੇ ਡਿਜੀਟਲ ਤੇ ਸਾਈਬਰ ਅਪਰਾਧ ਵਰਗੇ ਨਵੇਂ ਯੁੱਗ ਦੇ ਜ਼ੁਰਮਾਂ ਵੱਲ ਕੇਂਦਰਿਤ ਕੀਤਾ ਜਾਵੇਗਾ ਉਥੇ ਹੀ ਔਰਤਾਂ ਅਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਦੀ ਸੁਰੱਖਿਆ ਵਧਾਈ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਵਿਸ਼ੇਸ਼ ਜੁਰਮਾਂ ਨਾਲ ਨਿਪਟਣ ਲਈ 3100 ਡੋਮੇਨ ਮਾਹਿਰਾਂ ਤੋਂ ਇਲਾਵਾ ਸਬ-ਇੰਸਪੈਕਟਰ ਤੇ ਕਾਂਸਟੇਬਲ ਦੇ ਪੱਧਰ 'ਤੇ 10000 ਪੁਲਿਸ ਕਰਮਚਾਰੀ ਭਰਤੀ ਕੀਤੇ ਜਾਣਗੇ, ਜਿਨ੍ਹਾਂ ਵਿਚੋਂ 33 ਫੀਸਦੀ ਮਹਿਲਾਵਾਂ ਹੋਣਗੀਆਂ ਤਾਂ ਕਿ ਜ਼ਮੀਨੀ ਪੱਧਰ 'ਤੇ ਫੋਰਸ ਵਧਾਉਣ ਦੇ ਨਾਲ-ਨਾਲ ਪ੍ਰਭਾਵੀ ਪੁਲੀਸਿੰਗ ਨੂੰ ਯਕੀਨੀ ਬਣਾਇਆ ਜਾ ਸਕੇ। ਜੋ ਲਾਅ, ਫੋਰੈਂਸਿਕ, ਡਿਜੀਟਲ ਫੋਰੈਂਸਿਕ, ਸੂਚਨਾ ਤਕਨਾਲੋਜੀ, ਡਾਟਾ ਮਾਈਨਿੰਗ, ਸਾਈਬਰ ਸੁਰੱਖਿਆ, ਖੁਫੀਆ ਅਧਿਐਨ, ਮਨੁੱਖੀ ਵਸੀਲੇ ਪ੍ਰਬੰਧਨ ਤੇ ਵਿਕਾਸ ਅਤੇ ਸੜਕ ਸੁਰੱਖਿਆ ਯੋਜਨਾ ਤੇ ਇੰਜਨੀਅਰਿੰਗ ਨਾਲ ਸਬੰਧਤ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਪੁਲਿਸ ਫੋਰਸ 'ਚ ਤਬਦੀਲੀ ਲਿਆਉਣ ਦੇ ਉਦੇਸ਼ ਨਾਲ ਉਲੀਕੇ ਗਏ ਇਸ ਕਦਮ ਨਾਲ ਪੰਜਾਬ ਡੋਮੇਨ ਮਾਹਿਰਾਂ ਦੀਆਂ ਸੇਵਾਵਾਂ ਹਾਸਲ ਕਰਨ ਵਾਲਾ ਮੁਲਕ ਦਾ ਪਹਿਲਾ ਸੂਬਾ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ 'ਚ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਅਤੇ ਆਮ ਆਦਮੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੀਤੇ ਗਏ ਵਾਅਦਿਆਂ ਦੀ ਲੀਹ 'ਤੇ ਕਈ ਕਦਮਾਂ ਨੂੰ ਸਫ਼ਲਤਾਪੂਰਵਕ ਢੰਗ ਨਾਲ ਲਾਗੂ ਕਰ ਦੇਣ ਤੋਂ ਬਾਅਦ ਇਸ ਕਦਮ ਨਾਲ ਪੁਲਿਸ ਵਿਭਾਗ ਨੂੰ ਅਗਲੇ ਪੱਧਰ ਤੱਕ ਲਿਜਾਇਆ ਜਾਵੇਗਾ।
ਇਨ੍ਹਾਂ ਪਹਿਲਕਦਮੀਆਂ ਦਾ ਵੇਰਵਾ ਦਿੰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਡੋਮੇਨ ਮਾਹਰਾਂ 'ਚ ਤਕਰੀਬਨ 600 ਲਾਅ ਗਰੈਜੂਏਟ, 450 ਕ੍ਰਾਈਮ ਸੀਨ ਜਾਂਚਕਰਤਾ, ਕਾਨੂੰਨ, ਕਾਮਰਸ, ਡੇਟਾ ਮਾਈਨਿੰਗ, ਡੇਨਾ ਐਨਲਸਿਸ 'ਚ ਤਜ਼ਰਬੇ ਤੇ ਵਿਸ਼ੇਸ਼ ਯੋਗਤਾ ਵਾਲੇ 1350 ਆਈ.ਟੀ. ਮਾਹਿਰ ਸ਼ਾਮਲ ਹੋਣਗੇ, ਜਿਨ੍ਹਾਂ ਨੂੰ ਸਾਈਬਰ ਜਾਸੂਸੀ, ਵਿੱਤੀ ਜਾਸੂਸੀ, ਕਤਲ ਕੇਸਾਂ 'ਚ ਜਾਸੂਸੀ, ਜਿਨਸੀ ਹਮਲੇ ਤੇ ਬਲਾਤਕਾਰ ਦੇ ਕੇਸਾਂ 'ਚ ਜਾਸੂਸੀ ਲਈ ਲਾਇਆ ਜਾਵੇਗਾ। ਪੰਜਾਬ ਸਰਕਾਰ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਫੈਮਲੀ ਕਾਊਂਸਲਿੰਗ ਸੈਂਟਰਾਂ ਅਤੇ ਮਹਿਲਾ ਹੈਲਪਡੈਸਕਾਂ 'ਤੇ ਤਾਇਨਾਤੀ ਲਈ 460 ਦੇ ਕਰੀਬ ਸਿੱਖਿਅਤ ਤੇ ਯੋਗਤਾ ਪ੍ਰਾਪਤ ਕਾਊਂਸਲਰ, ਕਲੀਨੀਕਲ ਸਾਈਕੋਲੋਜਿਸਟ ਤੇ ਵਿਕਟਮ ਸਪੋਰਟ ਅਫ਼ਸਰਾਂ ਦੀ ਵੀ ਭਰਤੀ ਕਰੇਗੀ।
ਪੁਲਿਸ 'ਚ ਮਹਿਲਾ ਸ਼ਕਤੀ ਨੂੰ ਹੋਰ ਵਧਾਉਣ ਲਈ 3400 ਨਵੀਆਂ ਮਹਿਲਾ ਪੁਲਿਸ ਮੁਲਾਜ਼ਮਾਂ ਭਰਤੀ ਕੀਤੀਆਂ ਜਾਣਗੀਆਂ। ਜ਼ਿਆਦਾਤਰ ਸਬ ਇੰਸਪੈਕਟਰ ਤੇ ਕਾਂਸਟੇਬਲ ਦੇ ਰੈਂਕ 'ਤੇ ਭਰਤੀ ਕੀਤੀਆਂ ਜਾਣ ਵਾਲੀਆਂ ਇਹ ਮੁਲਾਜ਼ਮਾਂ ਪੰਜਾਬ ਪੁਲਿਸ 'ਚ 10 ਹਜ਼ਾਰ ਮੁਲਾਜ਼ਮਾਂ ਨੂੰ ਭਰਤੀ ਕਰਨ ਲਈ ਚਲਾਈ ਮੁਹਿੰਮ ਦਾ ਹੀ ਹਿੱਸਾ ਹੋਣਗੀਆਂ। ਸ੍ਰੀ ਗੁਪਤਾ ਨੇ ਕਿਹਾ ਕਿ ਇਸ ਨਾਲ ਪੰਜਾਬ ਪੁਲਿਸ 'ਚ ਵੱਖ-ਵੱਖ ਅਹੁਦਿਆਂ 'ਤੇ ਮਹਿਲਾ ਮੁਲਾਜ਼ਮਾਂ ਨੂੰ ਪੁਰਸ਼ ਪੁਲਿਸ ਮੁਲਾਜ਼ਮਾਂ ਦੇ ਬਰਾਬਰ ਮੁਕਾਬਲਾ ਕਰਨ ਦਾ ਮੌਕਾ ਵੀ ਮੁਹੱਈਆ ਕਰੇਗੀ। ਇਨ੍ਹਾਂ ਪੁਲਿਸ ਮੁਲਾਜ਼ਮਾਂ 'ਚ 300 ਔਰਤਾਂ ਨੂੰ ਸਬ ਇੰਸਪੈਕਟਰ ਵਜੋਂ ਭਰਤੀ ਕੀਤਾ ਜਾਵੇਗਾ, ਜਦੋਂ ਕਿ 3100 ਨੂੰ ਪੰਜਾਬ ਪੁਲਿਸ 'ਚ ਕਾਂਸਟੇਬਲ ਵਜੋਂ ਸੇਵਾ ਕਰਨ ਦਾ ਮੌਕਾ ਮਿਲੇਗਾ।
ਡੀ.ਜੀ.ਪੀ. ਨੇ ਕਿਹਾ ਕਿ ਇਸ ਵਾਰ ਇਨ੍ਹਾਂ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਨਿਯੁਕਤੀ ਹੋਣ ਅਤੇ ਸਾਲ 2021 ਦੀ ਦੂਜੀ ਜਾਂ ਤੀਜੀ ਤਿਮਾਹੀ ਵਿੱਚ ਇਨ੍ਹਾਂ ਦੇ ਪੰਜਾਬ ਪੁਲਿਸ ਦਾ ਹਿੱਸਾ ਬਣਨ ਤੋਂ ਬਾਅਦ ਸੂਬੇ ਦੇ 382 ਥਾਣਿਆਂ ਵਿੱਚੋਂ ਹਰੇਕ ਨੂੰ ਪੁਲਿਸ ਸਟੇਸ਼ਨ ਲਾਅ ਅਫ਼ਸਰ ਅਤੇ ਕਮਿਊਨਿਟੀ ਤੇ ਵਿਕਟਮ ਸਪੋਰਟ ਅਫ਼ਸਰ (ਪੀੜਤ ਸਹਿਯੋਗੀ ਅਧਿਕਾਰੀ) ਮਿਲ ਜਾਵੇਗਾ। ਇਸੇ ਤਰ੍ਹਾਂ ਸਰਹੱਦੀ ਥਾਣਿਆਂ ਸਮੇਤ ਪੰਜਾਬ ਦੇ 170 ਵੱਡੇ ਥਾਣਿਆਂ 'ਚ ਫੋਰੈਂਸਿਕ ਅਫ਼ਸਰ ਅਤੇ ਕ੍ਰਾਈਮ ਡੇਟਾ ਐਨਾਲਿਸਟਸ ਤਾਇਨਾਤ ਹੋਣਗੇ। ਇਸ ਤੋਂ ਇਲਾਵਾ ਸੂਬੇ 'ਚ 100 ਸਬ ਡਿਵੀਜ਼ਨਾਂ ਵਿੱਚੋਂ ਹਰੇਕ 'ਚ ਸਾਈਬਰ ਕਰਾਈਮ ਡਿਟੈਕਟਿਵ ਵੀ ਲਗਾਏ ਜਾਣਗੇ।
ਇਸ ਦੇ ਨਾਲ ਹੀ ਔਰਤਾਂ ਲਈ 181 ਹੈਲਪਲਾਈਨ ਅਤੇ ਰਾਤ ਨੂੰ ਔਰਤਾਂ ਨੂੰ ਉਨ੍ਹਾਂ ਦੀ ਰਿਹਾਇਸ਼ ਜਾਂ ਕੰਮ ਵਾਲੀ ਥਾਂ 'ਤੇ ਛੱਡਣ ਦੀ ਸਹੂਲਤ ਸ਼ੁਰੂ ਕੀਤੀ ਸੀ। ਸੂਬੇ ਦੇ ਤਿੰਨ ਪੁਲਿਸ ਕਮਿਸ਼ਨਰੇਟ ਅਤੇ ਸ਼ਹਿਰੀ ਜ਼ਿਲ੍ਹਿਆਂ 'ਚ ਫੈਮਲੀ ਕਾਊਂਸਲਿੰਗ ਸੈਂਟਰ ਸਥਾਪਤ ਕਰਨ ਅਤੇ ਵਿਆਹ ਤੇ ਪਰਿਵਾਰਕ ਝਗੜੇ ਦੇ ਕੇਸਾਂ 'ਚ ਛੇਤੀ ਹੱਲ ਨਿਕਲਣਾ ਯਕੀਨੀ ਬਣਾਉਣ ਲਈ ਸੂਬੇ ਦੇ ਸਾਰੇ 382 ਥਾਣਿਆਂ 'ਚ ਵੂਮੈਨ ਹੈਲਪ ਡੈਸਕ ਜਲਦੀ ਕਾਰਜਸ਼ੀਲ ਹੋਣਗੇ।ਪੰਜਾਬ ਸਰਕਾਰ ਫੈਮਲੀ ਕਾਊਂਸਲਿੰਗ ਸੈਂਟਰਾਂ 'ਤੇ ਵੂਮੈਨ ਹੈਲਪ ਡੈਸਕਾਂ 'ਤੇ ਤਾਇਨਾਤੀ ਲਈ 460 ਸਿੱਖਿਅਤ ਅਤੇ ਯੋਗਤਾ ਪ੍ਰਾਪਤ ਕਾਊਂਸਲਰ, ਕਲੀਨੀਕਲ ਸਾਈਕੋਲੋਜਿਸਟ ਅਤੇ ਕਮਿਊਨਿਟੀ ਐਂਡ ਵਿਕਟਮ ਸਪੋਰਟ ਅਫਸਰਾਂ ਦੀ ਵੀ ਭਰਤੀ ਕਰੇਗੀ।
ਇਸ ਦੇ ਨਾਲ ਹੀ ਪੰਜਾਬ 'ਚ ਵਧਦੀ ਆਵਾਜਾਈ ਕਾਰਨ ਗੰਭੀਰ ਹਾਦਸਿਆਂ ਦੀ ਗਿਣਤੀ ਨੂੰ ਰੋਕਣ ਲਈ 15 ਸਿੱਖਿਅਤ ਸਿਵਲ ਇੰਜਨੀਅਰ ਤੇ ਪਲੈਨਰਾਂ ਦੀ ਰੋਡ ਸੇਫਟੀ ਐਸੋਸੀਏਟਾਂ ਵਜੋਂ ਭਰਤੀ ਕੀਤੀ ਜਾਵੇਗੀ। ਇਹ ਇੰਜਨੀਅਰ ਪੰਜਾਬ ਭਰ 'ਚ ਸੜਕਾਂ ਤੇ ਸ਼ਾਹਰਾਹਾਂ 'ਤੇ ਆਵਾਜਾਈ ਅਤੇ ਪ੍ਰਵਾਹ ਨੂੰ ਸੁਚਾਰੂ ਤੇ ਸੁਰੱਖਿਅਤ ਬਣਾਈ ਰੱਖਣ 'ਚ ਸਹਾਈ ਬਣਨਗੇ।
ਇਹ ਵੀ ਪੜ੍ਹੋ:ਟੀ -20 ਅੰਤਰਰਾਸ਼ਟਰੀ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਕਪਤਾਨ ਬਣੇ ਵਿਰਾਟ ਕੋਹਲੀ