ਚੰਡੀਗੜ੍ਹ: ਦੇਸ਼ ਦੀਆਂ ਸਰਹੱਦਾਂ 'ਤੇ ਡਟੇ ਜਵਾਨਾਂ ਨੂੰ ਹੁਣ ਪੰਜਾਬ ਦੀ ਲੱਸੀ ਸਪਲਾਈ ਕੀਤੀ ਜਾਵੇਗੀ। ਇਸ ਬਾਰੇ ਜਾਣਕਾਰੀ ਪੰਜਾਬ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੂਰੇ ਭਾਰਤ ਵਿੱਚ ਜਿਥੇ ਵੀ ਫ਼ੌਜ ਤੈਨਾਤ ਹੈ ਉਥੇ ਲੱਸੀ ਦੀ ਸਪਲਾਈ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਕਸ਼ਮੀਰ, ਉਤਰਾਖੰਡ, ਲੇਹ-ਲੱਦਾਖ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ,ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਗੁਜਰਾਤ ਵਿੱਚ ਲੱਸੀ ਸਪਲਾਈ ਨਹੀਂ ਹੋਵੇਗੀ।
ਉਨ੍ਹਾਂ ਦੱਸਿਆ ਕਿ ਆਰਮੀ ਵੱਲੋਂ 16.3 ਲੱਖ ਲੀਟਰ ਲੱਸੀ ਦਾ ਆਰਡਰ ਦਿੱਤਾ ਗਿਆ ਹੈ, ਜਿਸਦੀ ਕੀਮਤ ਲਗਭਗ 9 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕੀਮਤ ਵਿੱਚੋਂ ਲਗਭਗ ਸਿੱਧਾ 97 ਲੱਖ ਰੁਪਏ ਮੁਨਾਫ਼ਾ ਵੇਰਕਾ ਨੂੰ ਹੋਵੇਗਾ।
ਕੈਬਿਨੇਟ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਵੀ ਅਪੀਲ ਕੀਤੀ ਕਿ ਉਹ ਇਸ ਲੱਸੀ ਨੂੰ ਗੁਜਰਾਤ ਵਿੱਚ ਸਪਲਾਈ ਕਰਨ ਦੀ ਇਜਾਜ਼ਤ ਵੀ ਦੇਣ ਤਾਂ ਜੋ ਪੰਜਾਬ ਦੇ ਨਮਕ ਦੀ ਕੀਮਤ ਜਾਣ ਸਕਣ ਅਤੇ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਦੀ ਕੁਰਬਾਨੀ ਨੂੰ ਯਾਦ ਰੱਖਿਆ ਜਾ ਸਕੇ।