ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਦਾ ਅੰਦੋਲਨ ਜਾਰੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਪ੍ਰਦਰਸ਼ਨ ਕਰ ਕੇਂਦਰ ਸਰਕਾਰ ਨੂੰ ਆਪਣੀ ਮੰਗਾਂ ਬਾਰੇ ਦੱਸ ਰਹੇ ਹਨ। ਕਿਸਾਨਾਂ ਦੇ ਚੱਲਦੇ ਸੰਘਰਸ਼ ਦੌਰਾਨ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ 8 ਦਸੰਬਰ ਤੋਂ ਟਰੱਕਾਂ ਦਾ ਚੱਕਾ ਜਾਮ ਕਰਨ ਦੀ ਚੇਤਾਵਨੀ ਦਿੱਤੀ ਹੈ।
ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ 8 ਦਸੰਬਰ ਤੱਕ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ, ਤਾਂ ਟਰਾਂਸਪੋਰਟਰ ਪੂਰੀ ਤਰ੍ਹਾਂ ਚੱਕਾ ਜਾਮ ਕਰ ਕੇ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਣਗੇ।
ਚੇਅਰਮੈਨ ਚਰਨ ਸਿੰਘ ਲੋਹਾਰਾ ਨੇ ਕਿਹਾ ਕਿ ਜਲੰਧਰ ’ਚ ਹੋਈ ਆਲ ਇਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੀ ਮੀਟਿੰਗ ’ਚ ਮੈਂਬਰਾਂ ਨੇ ਕਿਸਾਨ ਅੰਦੋਲਨ ਨੂੰ ਹਿਮਾਇਤ ਦੇਣ ਉੱਤੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਜਦੋਂ ਤੱਕ ਕਿਸਾਨਾਂ ਦਾ ਅੰਦੋਲਨ ਚੱਲੇਗਾ, ਤਦੋਂ ਤੱਕ ਟਰਾਂਸਪੋਰਟ ਕੋਈ ਟਰੱਕ ਨਹੀਂ ਚਲਾਉਣਗੇ। ਐਸੋਸੀਏਸ਼ਨ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਛੇਤੀ ਮੰਨਣ ਦਾ ਅਪੀਲ ਕੀਤੀ।
ਕਿਸਾਨ ਅੰਦੋਲਨ ਕਾਰਨ ਹੁਣ ਦਿੱਲੀ ਤੇ ਹਰਿਆਣਾ ਬਾਰਡਰ ਉੱਤੇ ਕਿਸਾਨਾਂ ਦੇ ਅੰਦੋਲਨ ਦਾ ਅਸਰ ਪੰਜਾਬ ਦੇ ਉਦਯੋਗਾਂ ਉੱਤੇ ਪੈਣ ਲੱਗ ਪਿਆ ਹੈ। ਉਦਯੋਗਾਂ ਨੂੰ ਆਪਣਾ ਸਮਾਨ ਭੇਜਣਾ ਔਖਾ ਹੋ ਗਿਆ ਹੈ। ਪੰਜਾਬ ਦੇ 1,500 ਤੋਂ ਵੱਧ ਟਰੱਕ ਦਿੱਲੀ ਕੋਲ ਅਤੇ ਹਰਿਆਣਾ ’ਚ ਫਸੇ ਖੜ੍ਹੇ ਹਨ। ਪਹਿਲਾਂ ਹੀ ਕੋਰੋਨਾਵਾਇਰਸ ਕਾਰਨ ਕਾਰੋਬਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਜੇ ਟ੍ਰਾਂਸਪੋਰਟਰਾਂ ਨੇ ਚੱਕਾ ਜਾਮ ਕਰ ਦਿੱਤਾ, ਤਾਂ ਪੰਜਾਬ ਦੇ ਉਦਯੋਗ ਦਾ ਵੱਡਾ ਨੁਕਸਾਨ ਹੋਵੇਗਾ।