ਚੰਡੀਗੜ੍ਹ: ਪੁਲਿਸ ਨੂੰ ਵਕੀਲ ਐਚਸੀ ਅਰੋੜਾ ਨੂੰ ਸੰਮਨ ਕਰਨੇ ਮਹਿੰਗੇ ਪੈ ਗਏ ਹਨ। ਪੰਜਾਬ-ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਦੇ ਡੀਜੀਪੀ ਸੰਜੇ ਬੈਣੀਵਾਲ ਤੋਂ ਜਵਾਬ ਤਲਬ ਕੀਤਾ ਹੈ।
ਦਰਅਸਲ ਵਕੀਲ ਐਚਸੀ ਅਰੋੜਾ ਨੇ ਹਾਈਕੋਰਟ 'ਚ ਇੱਕ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਪੁਲਿਸ ਵਲੋਂ ਮਾਮਲਿਆਂ ਨਾਲ ਜੁੜੀਆਂ ਕੈਂਸਲਲੈਸ਼ਨ ਰਿਪੋਰਟ ਅਦਾਲਤਾਂ 'ਚ ਪੇਸ਼ ਨਾ ਕਰਨ ਕਰਕੇ ਅਦਾਲਤਾਂ ਵਿੱਚ ਸੁਣਵਾਈ ਅਧੀਨ ਪਏ ਕੇਸਾਂ ਲਈ ਪੁਲਿਸ ਦੀ ਜਵਾਵਦੇਹੀ ਪੱਕੀ ਕਰਨ ਦੀ ਮੰਗ ਕੀਤੀ ਸੀ।
ਇਸ ਮਾਮਲੇ 'ਚ ਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਡੀਜੀਪੀ ਤੋਂ ਜਵਾਬ ਤਲਬ ਕੀਤਾ ਸੀ। ਮਾਮਲਾ ਹਾਲੇ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ ਪਰ ਇਸ ਦੌਰਾਨ ਚੰਡੀਗੜ੍ਹ ਦੇ ਸੈਕਟਰ 19 ਥਾਣੇ ਦੇ ਪੁਲਿਸ ਅਫ਼ਸਰਾਂ ਨੇ ਵਕੀਲ ਤੇ ਪਟੀਸ਼ਨਕਰਤਾ ਐਚਸੀ ਅਰੋੜਾ ਨੂੰ ਸੰਮਨ ਭੇਜ ਕੇ ਪੁਲਿਸ ਥਾਣੇ 'ਚ ਬਿਆਨ ਦਰਜ ਕਰਵਾਉਣ ਲਈ ਕਿਹਾ।
ਪੁਲਿਸ ਵਲੋਂ ਭੇਜੇ ਸੰਮਨ ਨੂੰ ਵਕੀਲ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਤੇ ਹੁਣ ਕੋਰਟ ਨੇ ਇਹ ਸੰਮਨ ਭੇਜਣ ਲਈ ਚੰਡੀਗੜ੍ਹ ਦੇ ਡੀਜੀਪੀ ਤੋਂ ਜਵਾਬ ਤਲਬ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ ਮਾਰਚ ਵਿੱਚ ਹੋਵੇਗੀ।