ਚੰਡੀਗੜ੍ਹ: ਕੋਰੋਨਾ ਵਾਇਰਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਸਪੱਸ਼ਟ ਕੀਤਾ ਕਿ 14 ਮਾਰਚ ਅੱਧੀ ਰਾਤ ਤੋਂ ਪੰਜਾਬ ਦੇ ਵਿੱਚ ਸਿਨੇਮਾ, ਸਵੀਮਿੰਗ ਪੂਲ, ਜਿੰਮ ਅਤੇ ਕਲੱਬ 31 ਮਾਰਚ ਤੱਕ ਬੰਦ ਰਹਿਣਗੇ।
ਸਪੋਰਟਸ ਪ੍ਰੋਗਰਾਮ, ਸੱਭਿਆਚਾਰਕ ਮੇਲੇ ਲਈ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇਕੱਠ ਵਾਲੇ ਪ੍ਰੋਗਰਾਮ ਨਾ ਹੋਣ ਦਿੱਤੇ ਜਾਣ।
ਇਸ ਦੇ ਨਾਲ ਹੀ ਵਿਆਹ ਵਾਲੇ ਪਰਿਵਾਰਾਂ ਨੂੰ ਵੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਆਹ ਵਿੱਚ ਇਕੱਠ ਵੀ ਘੱਟ ਤੋਂ ਘੱਟ ਕੀਤਾ ਜਾਵੇ।
ਫਿਲਹਾਲ ਸਿਹਤ ਵਿਭਾਗ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਸ਼ਾਪਿੰਗ ਮਾਲ, ਹੋਟਲ ਅਤੇ ਰੈਸਟੋਰੈਂਟ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ।
ਦੱਸ ਦਈਏ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਸਿਰਫ਼ ਇੱਕ ਹੀ ਪਾਜ਼ੀਟਿਵ ਮਰੀਜ਼ ਸਾਹਮਣੇ ਆਇਆ ਹੈ ਜੋ ਇਲਾਜ ਅਧੀਨ ਹੈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਵਾਪਸੀ, "ਜਿੱਤੇਗਾ ਪੰਜਾਬ" ਰਾਹੀਂ ਟਟੋਲਣਗੇ ਲੋਕਾਂ ਦੀ ਨਬਜ਼
ਇਸ ਤੋਂ ਇਲਾਵਾ ਵਿਦੇਸ਼ ਤੋਂ ਆਏ 335 ਮੁਸਾਫ਼ਰਾਂ ਦੇ ਲਾਪਤਾ ਹੋਣ 'ਤੇ ਸਿਹਤ ਮੰਤਰੀ ਨੇ ਕਿਹਾ ਕਿ ਇਹ ਚਿੱਠੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੀ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 31 ਮਾਰਚ ਨੂੰ ਸਿਹਤ ਵਿਭਾਗ ਦੇ ਰਿਟਾਇਰ ਹੋਣ ਵਾਲੇ ਅਫ਼ਸਰਾਂ ਨੂੰ ਸਰਕਾਰ ਐਕਸਟੈਨਸ਼ਨ ਵੀ ਦੇ ਸਕਦੀ ਹੈ। ਬਲਬੀਰ ਸਿੱਧੂ ਨੇ ਬਿਆਨ ਦਿੰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਰਿਟਾਇਰ ਹੋਣ ਵਾਲੇ ਅਧਿਕਾਰੀਆਂ ਨੂੰ ਐਕਸਟੈਨਸ਼ਨ ਦਿੱਤੀ ਜਾ ਸਕਦੀ ਹੈ, ਜਿਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।