ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦਰਮਿਆਨ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਦੂਜੇ ਪਾਸੇ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਕਾਂਗਰਸੀ ਕਲੇਸ਼ ‘ਤੇ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ ਜਿਸ ਨੇ ਸਿਆਸੀ ਹਲਕਿਆਂ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
ਹਰੀਸ਼ ਰਾਵਤ ਦੇ ਬਿਆਨ ਨੇ ਭਖਾਈ ਪੰਜਾਬ ਦੀ ਸਿਆਸਤ
ਰਾਵਤ ਨੇ ਬਿਆਨ ਦਿੱਤਾ ਹੈ ਕਿ ਕੈਪਟਨ ਅਤੇ ਸਿੱਧੂ ਦੇ ਵਿੱਚ ਹੋਏ ਝਗੜੇ ਦਾ ਪੰਜਾਬ ਵਿੱਚ ਕਾਂਗਰਸ ਨੂੰ ਫਾਇਦਾ ਹੋਵੇਗਾ। ਸਿਆਸੀ ਹਲਕਿਆਂ ਦੇ ਵਿੱਚ ਰਾਵਤ ਦੇ ਬਿਆਨ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਸਿਆਸੀ ਆਗੂਆਂ ਨੇ ਕਾਂਗਰਸ ਉੱਪਰ ਇਲਜ਼ਾਮ ਲਗਾਇਆ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਵਿਵਾਦ ਜਾਣਬੁੱਝ ਕੇ ਪੰਜਾਬ ਦੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਪੈਦਾ ਕੀਤਾ ਜਾ ਰਿਹਾ ਹੈ।
ਰਾਵਤ ਦੇ ਬਿਆਨ ‘ਤੇ ਵਿਰੋਧੀਆਂ ਦੇ ਨਿਸ਼ਾਨੇ
ਹਰੀਸ਼ ਰਾਵਤ ਦੇ ਬਿਆਨ ਬਾਰੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਸਪੱਸ਼ਟ ਕਰਦਾ ਹੈ ਕਿ ਕਾਂਗਰਸ ਹਾਈਕਮਾਂਡ ਨੇ ਪੰਜਾਬ ਦੇ ਲੋਕ ਹਿੱਤ ਮੁੱਦਿਆਂ ਤੋਂ ਦੂਰ ਕਰਨ ਲਈ ਜਾਣਬੁੱਝ ਕੇ ਇਹ ਕਲੇਸ਼ ਪੈਦਾ ਕੀਤਾ ਹੈ। ਚੀਮਾ ਨੇ ਕਾਂਗਰਸ ‘ਤੇ ਵਰਦਿਆਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਸਮਝ ਗਏ ਹਨ ਅਤੇ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਕਾਂਗਰਸ ਨੂੰ ਜ਼ਰੂਰ ਸਬਕ ਸਿਖਾਉਣਗੇ।
ਲੋਕਾਂ ਨੂੰ ਮੂਰਖ ਬਣਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼-ਅਕਾਲੀ ਦਲ
ਅਕਾਲੀ ਦਲ (Akali Dal) ਦੇ ਆਗੂ ਕਰਮਵੀਰ ਗੋਰਾਇਆ ਨੇ ਹਰੀਸ਼ ਰਾਵਤ ਅਤੇ ਕਾਂਗਰਸ ਪਾਰਟੀ ਉੱਪਰ ਜੰਮਕੇ ਭੜਾਸ ਕੱਢੀ ਹੈ। ਉਨ੍ਹਾਂ ਹਰੀਸ਼ ਰਾਵਤ ਦੇ ਬਿਆਨ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਕੀ ਤੁਸੀਂ ਅਜਿਹੇ ਬਿਆਨ ਦੇ ਕੇ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਹੋ। ਗੋਰਾਇਆ ਨੇ ਨਾਲ ਹੀ ਕਿਹਾ ਕਿ ਪੰਜਾਬ ਦੇ ਲੋਕ ਪੜ੍ਹੇ ਲਿਖੇ ਹਨ ਤੇ ਹੁਣ ਉਹ ਮੂਰਖ ਨਹੀਂ ਬਣਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁਝ ਵੀ ਸਹੀ ਨਹੀਂ ਹੈ ਅਤੇ ਸਥਿਤੀ ਖਰਾਬ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਮੁੱਖ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਕਿਸੇ ਹੋਰ ਪਾਰਟੀ ਨੂੰ ਮੌਕਾ ਮਿਲ ਸਕੇ।
ਰਾਵਤ ਦੇ ਬਿਆਨ ‘ਤੇ ਭਾਜਪਾ ਦੇ ਸਵਾਲ
ਭਾਜਪਾ ਆਗੂ ਵਿਨੀਤ ਜੋਸ਼ੀ ਨੇ ਕਿਹਾ ਕਿ ਹਰੀਸ਼ ਰਾਵਤ ਦੇ ਇਸ ਬਿਆਨ ਦੇ ਦੋ ਮਾਇਨੇ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਵਿਵਾਦ ਨੂੰ ਸੁਲਝਾ ਨਹੀਂ ਸਕੇ ਅਤੇ ਦੂਸਰਾ ਇਹ ਕਿ ਨਵਜੋਤ ਸਿੰਘ ਸਿੱਧੂ ਇੱਕ ਰਣਨੀਤੀ ਤਹਿਤ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਬਿਆਨ ਦੇ ਰਹੇ ਹਨ ਤਾਂ ਕਿ ਲੋਕ ਭੁਲੇਖੇ ਵਿੱਚ ਰਹਿਣ ਅਤੇ ਕਾਂਗਰਸ ਖਿਲਾਫ਼ ਇੱਕਮਤ ਹੋ ਕੇ ਵੋਟ ਨਾ ਪਾ ਸਕਣ।
ਰਾਵਤ ਦੇ ਬਿਆਨ ਨਾਲ ਕਾਂਗਰਸ ਸਹਿਮਤ-ਕਾਂਗਰਸ ਆਗੂ
ਪੰਜਾਬ ਕਾਂਗਰਸ (Punjab Congress) ਦੇ ਬੁਲਾਰੇ ਜੀਐਸ ਬਾਲੀ ਨੇ ਕਿਹਾ ਕਿ ਹਰੀਸ਼ ਰਾਵਤ ਦੇ ਬਿਆਨ ਨਾਲ ਕਾਂਗਰਸੀ ਵਰਕਰ ਸਹਿਮਤ ਹਨ ਕਿਉਂਕਿ ਨਵਜੋਤ ਸਿੰਘ ਸਿੱਧੂ ਵੀ ਕਾਂਗਰਸ ਬਾਰੇ ਗੱਲ ਕਰਦੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਕਾਂਗਰਸ ਬਾਰੇ ਗੱਲ ਕਰਦੇ ਹਨ, ਅਜਿਹੀ ਸਥਿਤੀ ਵਿੱਚ ਜੇਕਰ ਦੋਵੇਂ ਚੋਣਾਂ ‘ਚ ਕਾਂਗਰਸ ਬਾਰੇ ਗੱਲ ਕਰਨਗੇ ਤਾਂ ਇਸ ਨਾਲ ਕਾਂਗਰਸ ਨੂੰ ਫਾਇਦਾ ਹੋਵੇਗਾ।
ਇਹ ਉਮੀਦ ਕੀਤੀ ਜਾ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਮੁਖੀ ਬਣਾਏ ਜਾਣ ਤੋਂ ਬਾਅਦ ਪਾਰਟੀ ਦਾ ਕਲੇਸ਼ ਖਤਮ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ ਸਗੋਂ ਵਿਵਾਦ ਵਧ ਗਿਆ ਹੈ। ਇਸ ਕਲੇਸ਼ ਨੂੰ ਖਤਮ ਕਰਨ ਲਈ ਹਰੀਸ਼ ਰਾਵਤ ਵੱਲੋਂ ਕੈਪਟਨ ਤੇ ਸਿੱਧੂ ਨਾਲ ਕਈ ਮੀਟਿੰਗ ਕੀਤੀਆਂ ਜਾ ਚੁੱਕੀਆਂ ਹਨ ਪਰ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਇਸਦੇ ਬਾਵਜੂਦ ਦੋਵੇਂ ਆਗੂ ਇੱਕ-ਦੂਜੇ ਉੱਪਰ ਬਿਆਨ ਦੇ ਰਹੇ ਹਨ। ਅਜਿਹੇ ‘ਚ ਹੁਣ ਹਰੀਸ਼ ਰਾਵਤ ਵੱਲੋਂ ਦਿੱਤੇ ਬਿਆਨ ਨੇ ਪੰਜਾਬ ਦੀ ਸਿਆਸਤ ਇੱਕ ਵਾਰ ਭਖਾ ਦਿੱਤੀ ਹੈ।