ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਪੰਜਾਬ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀਆਂ ਟਰੈਕਟਰ ਰੈਲੀਆਂ ਦਾ ਆਯੋਜਨ ਕੀਤਾ। ਇਸ ਦੌਰਾਨ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਹਰੀਸ਼ ਰਾਵਤ ਇਨ੍ਹਾਂ ਸਾਰੇ ਪ੍ਰੋਗਰਾਮਾਂ ਦੇ ਸੂਤਰਧਾਰ ਸਨ। ਇਸ ਮੌਕੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਸਿਆਸੀ ਸੁਰਖੀਆਂ ਦਾ ਹਿੱਸਾ ਬਣਦੇ ਰਹੇ। ਇਸ ਸਾਰੇ ਘਟਨਾ ਕ੍ਰਮ 'ਤੇ ਸਿੱਧੂ ਦੇ ਸਿਆਸੀ ਭਵਿੱਖ ਨੂੰ ਲੈ ਕੇ ਈਟੀਵੀ ਭਾਰਤ ਨੇ ਹਰੀਸ਼ ਰਾਵਤ ਨਾਲ ਖਾਸ ਗੱਲਬਾਤ ਕੀਤੀ ਹੈ।
ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪਾਰਟੀ ਵਿੱਚ ਭੂਮਿਕਾ ਬਾਰੇ ਗੱਲ ਕਰਦੇ ਹੋਏ ਹਰੀਸ਼ ਰਾਵਤ ਨੇ ਕਿਹਾ ਕਿ ਸਿੱਧੂ ਕਾਂਗਰਸ ਪਾਰਟੀ ਦੇ ਸ਼ੇਰ ਹਨ। ਉਨ੍ਹਾਂ ਕਿਹਾ ਸਿੱਧੂ ਪਾਰਟੀ ਦੇ ਨਾਲ ਹਨ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ ਰਾਹੁਲ ਗਾਂਧੀ ਦੀ ਰੈਲੀ ਦੌਰਾਨ ਸਿੱਧੂ ਦੇ ਇੱਕ ਦਿਨ ਹੀ ਆਉਣ ਬਾਰੇ ਉਨ੍ਹਾਂ ਕਿਹਾ ਸਿੱਧੂ ਸਮੇਤ ਕਈ ਆਗੂਆਂ ਨੂੰ ਸਮੇਂ ਦੀ ਘਾਟ ਕਾਰਨ ਇੱਕ ਦਿਨ ਹੀ ਸੱਦਿਆ ਗਿਆ ਸੀ।
ਸਿੱਧੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਭਾਜਪਾ ਆਗੂਆਂ ਵੱਲੋਂ ਦਿੱਤੇ ਬਿਆਨ ਬਾਰੇ ਹਰੀਸ਼ ਰਾਵਤ ਨੇ ਕਿਹਾ ਕਿ "ਸ਼ੇਰ ਕਦੀ ਵੀ ਬੁੱਸਿਆ ਹੋਇਆ ਮਾਸ ਨਹੀਂ ਖਾਂਦਾ।" ਉਨ੍ਹਾਂ ਕਿਹਾ ਕਿ ਨਾ ਹੀ ਸ਼ੇਰ ਨੂੰ ਕੋਈ ਖਵਾਉਂਦਾ ਹੁੰਦਾ ਹੈ।
ਪੰਜਾਬ ਕਾਂਗਰਸ ਵਿੱਚ ਜਾਰੀ ਕਸ਼ਮਕਸ਼ ਬਾਰੇ ਰਾਵਤ ਨੇ ਕਿਹਾ ਕਿ ਸਾਰੀ ਪਾਰਟੀ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਸਾਰੇ ਆਗੂ ਨੂੰ ਬਣਦਾ ਮਾਣ ਸਤਕਾਰ ਪਾਰਟੀ ਵਿੱਚ ਦਿੱਤਾ ਜਾਵੇਗਾ। ਇਸੇ ਨਾਲ ਹੀ ਉਨ੍ਹਾਂ ਕਿਹਾ ਕਿ ਫਿਲਹਾਲ ਪਾਰਟੀ ਦਾ ਮੁੱਖ ਉਦੇਸ਼ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਜੰਗ ਵਿੱਚ ਜਿੱਤ ਹਾਸਿਲ ਕਰਨਾ ਹੈ।