ਚੰਡੀਗੜ੍ਹ: ਪੰਜਾਬ ਸਰਕਾਰ ਨੇ ਔਰਤਾਂ ਦੀ ਅਗਵਾਈ ਵਾਲੇ ਘਰਾਂ ਦਾ ਸਸ਼ਕਤੀਕਰਨ ਕਰਨ ਦੇ ਉਦੇਸ਼ ਨਾਲ ‘ਮਾਤਾ ਤ੍ਰਿਪਤਾ ਮਹਿਲਾ ਯੋਜਨਾ’ ਨੂੰ ਨਿਰਵਿਘਨ ਅਤੇ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਮੰਤਰੀਆਂ ਦੇ ਸਲਾਹਕਾਰੀ ਗਰੁੱਪ (ਸੀ.ਜੀ.ਐਮ) ਦਾ ਗਠਨ ਕੀਤਾ ਹੈ। ਜਦਕਿ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਅਤੇ ਪ੍ਰਮੁੱਖ ਸਕੱਤਰ, ਸੀ.ਜੀ.ਐਮ. ਦੇ ਮੈਂਬਰ ਸਕੱਤਰ ਵਜੋਂ ਸ਼ਾਮਲ ਹੋਣਗੇ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਦੀ ਅਗਵਾਈ ਵਿੱਚ ‘ਮੰਤਰੀਆਂ ਦੇ ਸਲਾਹਕਾਰੀ ਸਮੂਹ’ ਦਾ ਗਠਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਮੂਹ ਵਿੱਚ ਵਿੱਤ ਮੰਤਰੀ, ਸਥਾਨਕ ਸਰਕਾਰਾਂ ਬਾਰੇ ਮੰਤਰੀ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ, ਸਹਿਕਾਰਤਾ ਮੰਤਰੀ, ਸਿੱਖਿਆ ਮੰਤਰੀ, ਤਕਨੀਕੀ ਸਿੱਖਿਆ ਮੰਤਰੀ, ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟਗਿਣਤੀਆਂ ਬਾਰੇ ਮੰਤਰੀ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਮੁੱਖ ਮੰਤਰੀ ਦੇ ਮੁੱਖ ਸਕੱਤਰ ਵਜੋਂ ਸ਼ਾਮਲ ਹੋਣਗੇ।
ਬੁਲਾਰੇ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਔਰਤਾਂ ਦੀ ਅਗਵਾਈ ਵਾਲੇ ਘਰਾਂ ਦੇ ਅਧਿਕਾਰਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਅਤੇ ਕਈ ਚੱਲ ਰਹੀਆਂ ਤੇ ਕਈ ਨਵੀਆਂ ਪਹਿਲਕਦਮੀਆਂ ਅਤੇ ਪ੍ਰੋਗਰਾਮਾਂ ਰਾਹੀਂ ਸਮਾਜ ਵਿੱਚ ਔਰਤਾਂ ਦੀ ਸੰਪੂਰਨ ਅਤੇ ਪ੍ਰਭਾਵੀ ਭਾਗੀਦਾਰੀ ਤੇ ਸ਼ਮੂਲੀਅਤ ਦੇ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ।