ਚੰਡੀਗੜ੍ਹ: ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਹਾਈਕੋਰਟ 'ਚ ਪਟੀਸ਼ਨ ਦਾਖ਼ਲ ਕਰਕੇ ਬਠਿੰਡਾ ਜੇਲ੍ਹ ਵਿੱਚ ਹੋਣ ਵਾਲੇ ਅਣਮਨੁੱਖੀ ਵਤੀਰੇ 'ਤੇ ਰੋਕ ਲਗਾਉਣ ਅਤੇ ਸੰਵਿਧਾਨਿਕ ਅਧਿਕਾਰਾਂ ਦੀ ਸੁਰੱਖਿਆ ਲਈ ਹਾਈਕੋਰਟ ਨੂੰ ਗੁਹਾਰ ਲਗਾਈ ਹੈ। ਐਡਵੋਕੇਟ ਆਦਰਸ਼ ਪ੍ਰਿਯਦਰਸ਼ਨੀ ਜ਼ਰੀਏ ਹਾਈਕੋਰਟ ਵਿੱਚ ਦਾਖ਼ਲ ਪਟੀਸ਼ਨ ਰਾਹੀਂ ਜੱਗੂ ਨੇ ਇਹ ਵੀ ਕਿਹਾ ਹੈ ਕਿ ਕਿਉਂਕਿ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਇਸ ਲਈ ਉਹ ਭੁੱਖ ਹੜਤਾਲ 'ਤੇ ਹੈ।
ਸਾਰੇ ਗੈਂਗਸਟਰਜ਼ ਨੂੰ ਬਠਿੰਡਾ ਜੇਲ੍ਹ ਵਿੱਚ ਰੱਖਿਆ ਗਿਆ ਹੈ
ਪਟੀਸ਼ਨਰ ਨੇ ਕਿਹਾ ਕਿ ਉਸ ਨੂੰ ਮਾਰਚ 2021 ਵਿੱਚ ਬਠਿੰਡਾ ਲਿਆਂਦਾ ਗਿਆ ਸੀ ਅਤੇ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਦੇ ਨਾਂਅ ਅੱਗੇ ਗੈਂਗਸਟਰ ਹੈ, ਦੀ ਜਾਨ ਨੂੰ ਖਤਰਾ ਹੈ। ਪਟੀਸ਼ਨਰ ਨੇ ਕਿਹਾ ਕਿ ਸਾਰੇ ਗੈਂਗਸਟਰਾਂ ਨੂੰ ਬਠਿੰਡਾ ਜੇਲ੍ਹ ਵਿੱਚ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਕੁਝ ਅਣਮਨੁੱਖੀ ਭਾਣਾ ਵਾਪਰਣ ਦਾ ਖਦਸ਼ਾ ਹੈ।
ਸਰਕਾਰ ਮੇਰਾ ਮੁਕਾਬਲਾ ਕਰਵਾਉਣਾ ਚਾਹੁੰਦੀ ਹੈ
ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਗੈਂਗਸਟਰ ਨੇ ਅਪੀਲ ਵਿੱਚ ਕਿਹਾ ਕਿ ਪੁਲਿਸ ਉਸ ਦਾ ਮੁਕਾਬਲਾ ਕਰਨ ਦੀ ਸਾਜ਼ਿਸ਼ ਰਚ ਰਹੀ ਹੈ, ਇਸ ਲਈ ਬਠਿੰਡਾ ਜੇਲ੍ਹ ਵਿੱਚ ਉਸ ਦੀ ਜਾਨ ਨੂੰ ਖਤਰਾ ਹੈ। ਜੱਗੂ ਨੇ ਕਿਹਾ ਹੈ ਕਿ ਉਸ ਦਾ ਕਿਸੇ ਰਾਜਨੀਤਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।
ਜੇਲ੍ਹ ਵਿੱਚ ਨਹੀਂ ਦਿੱਤਾ ਜਾ ਰਿਹਾ ਪਾਣੀ
ਪਟੀਸ਼ਨਰ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਜਦੋਂ ਤੋਂ ਉਸ ਨੂੰ ਬਠਿੰਡਾ ਜੇਲ੍ਹ ਵਿੱਚ ਲਿਆਂਦਾ ਗਿਆ ਹੈ ਉਸ ਨੂੰ ਦਿਨ ਰਾਤ 24 ਘੰਟੇ ਇੱਕ ਹਨੇਰੇ ਕਮਰੇ ਵਿੱਚ ਪਾਣੀ, ਹਵਾ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਤੋਂ ਬਿਨਾਂ ਰੱਖਿਆ ਗਿਆ ਹੈ।
ਜੱਗੂ ਦੇ ਵਕੀਲ ਨੇ ਕਿਹਾ ਕਿ ਪਟੀਸ਼ਨਕਰਤਾ ਨੇ ਹਾਈਕੋਰਟ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਨਾਗਰਿਕ ਅਧਿਕਾਰਾਂ ਦੀ ਰਾਖੀ ਕੀਤੀ ਜਾਵੇ ਅਤੇ ਮਨੁੱਖਾਂ ਵਰਗਾ ਵਿਵਹਾਰ ਕੀਤਾ ਜਾਵੇ। ਇਸ ਦੇ ਨਾਲ ਹੀ ਪਟੀਸ਼ਨਕਰਤਾ ਨੇ ਹਾਈਕੋਰਟ ਤੋਂ ਅਪੀਲ ਕੀਤੀ ਹੈ ਕਿ ਉਸ ਨੂੰ ਬਠਿੰਡਾ ਜੇਲ੍ਹ ਤੋਂ ਕਿਸੇ ਹੋਰ ਜੇਲ੍ਹ ਵਿਚ ਟਰਾਂਸਫਰ ਕੀਤਾ ਜਾਵੇ। ਕਿਉਂਕਿ ਉਸ ਨੂੰ ਡਰ ਹੈ ਕਿ ਕਿਤੇ ਰਾਜਨਤਿਕ ਪਾਰਟੀਆਂ ਦੀ ਸ਼ਹਿ 'ਤੇ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਅਤੇ ਜੇਲ੍ਹ ਵਿੱਚ ਉਸਦਾ ਕਤਲ ਰਾਜਨੀਤਕ ਸਾਜਿਸ਼ ਤਹਿਤ ਕੀਤਾ ਜਾ ਸਕਦਾ ਹੈ।