ਚੰਡੀਗੜ੍ਹ: ਕਿਸਾਨ ਅੰਦੋਲਨ ਦੀ ਹਮਾਇਤ 'ਚ ਕਈ ਖਿਡਾਰੀਆਂ, ਲੇਖਕਾਂ ਨੇ ਆਪਣੇ ਇਨਾਮ ਵਾਪਿਸ ਕੀਤੇ ਉੱਥੇ ਹੀ ਹੁਣ ਪੰਜਾਬ ਦੇ ਜੇਲ੍ਹ ਵਿਭਾਗ ਦੇ ਡੀਆਈਜੀ ਐਲਐਸ ਜਾਖੜ ਨੇ ਅੰਦੋਲਨ ਦੀ ਹਮਾਇਤ ਲਈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਅਸਤੀਫੇ 'ਚ ਕੀ ਲਿਖਿਆ
ਡੀਆਈਜੀ ਜਾਖੜ ਨੇ ਆਪਣੇ ਅਸਤੀਫ਼ੇ 'ਚ ਲਿਖਿਆ ਕਿ ਅੱਜ ਦੇਸ਼ ਦਾ ਕਿਸਾਨ ਪ੍ਰੇਸ਼ਾਨ ਹੈ। ਉਹ ਠੰਢੀਆਂ ਰਾਤਾਂ 'ਚ ਖੁਲ੍ਹੇ ਆਸਮਾਨ ਦੇ ਹੇਠਾਂ ਸੜਕਾਂ 'ਤੇ ਸੋ ਰਿਹਾ ਹੈ ਤੇ ਆਪਣੇ ਹੱਕਾਂ ਲਈ ਲੜ੍ਹ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਇਹ ਸਮਝਦੇ ਹਨ ਕਿ ਉਨ੍ਹਾਂ ਨੂੰ ਵੀ ਇਸ ਸੰਘਰਸ਼ ਦਾ ਹਿੱਸਾ ਬਨਣਾ ਚਾਹੀਦਾ ਹੈ। ਇਸ ਕਰਕੇ ਮੈਨੂੰ ਮੇਰੀ ਡਿਊਟੀ ਤੋਂ ਤੁਰੰਤ ਫਾਰਗ ਕੀਤਾ ਜਾਵੇ। ਉਨ੍ਹਾਂ ਦੇ ਇਸ ਫੈਸਲੇ 'ਤੇ ਕੋਈ ਅੜਿੰਗਾ ਨਾ ਆਵੇ ਤਾਂ ਉਨ੍ਹਾਂ ਨੇ 3 ਮਹੀਨੇ ਦੀ ਤਨਖਾਹ ਤੇ ਹੋਰ ਭੱਤੇ ਜਮ੍ਹਾ ਕਰਵਾਉਣ ਦੀ ਪੇਸ਼ਕਸ਼ ਵੀ ਕੀਤੀ ਹੈ।
ਪਹਿਲਾਂ ਤੋਂ ਭ੍ਰਸ਼ਟਾਚਾਰ ਦੇ ਦੋਸ਼ਾਂ 'ਚ ਮੁਅਤਲ ਹਨ
ਜਾਖੜ ਪਹਿਲਾਂ ਤੋਂ ਭ੍ਰਸ਼ਟਾਚਾਰ ਦੇ ਦੋਸ਼ਾਂ 'ਚ ਮੁਅੱਤਲ ਹਨ। ਉਨ੍ਹਾਂ 'ਤੇ ਆਰੋਪ ਹੈ ਕਿ ਉਹ ਜੇਲ੍ਹ ਅਧਿਕਾਰੀਆਂ ਤੋਂ ਮਹੀਨੇ ਵਰ ਰਿਸ਼ਵਤ ਲੈਂਦੇ ਸੀ ਜਿਸ ਦੇ ਸਦਕਾ ਉਨ੍ਹਾਂ ਨੂੰ ਡਿਉਟੀ ਤੋਂ ਮੁਅਤਲ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਅਸਤੀਫੇ ਦਾ ਜਵਾਬ ਅਜੇ ਸਰਕਾਰ ਵੱਲੋਂ ਨਹੀਂ ਆਇਆ ਹੈ।