ਚੰਡੀਗੜ੍ਹ: ਕੋਰੋਨਾ ਵਾਇਰਸ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਇਸ ਵਾਇਰਸ ਨਾਲ ਲਗਾਤਾਰ ਮਾਮਲੇ ਵਧਦੇ ਜਾ ਰਹੇ ਹਨ। ਪੰਜਾਬ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 181 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 12 ਹੈ।
ਤਾਜ਼ਾ ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਪੰਜਾਬ ਵਿੱਚ 2 ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਇੱਕ ਮੋਹਾਲੀ ਜ਼ਿਲ੍ਹੇ ਦੇ ਡੇਰਾ ਬੱਸੀ ਦੇ ਲਾਗਲੇ ਪਿੰਡ ਜਵਾਹਰਪੁਰ ’ਚ ਪਾਇਆ ਗਿਆ ਹੈ, ਜੋ ਪਹਿਲਾਂ ਤੋਂ ਹੀ ਕੋਰੋਨਾ ਦਾ ਡੰਗ ਝੱਲ ਰਹੇ ਇੱਕ ਮਰੀਜ਼ ਦੀ ਹੀ ਰਿਸ਼ਤੇਦਾਰ ਹੈ। ਪੌਜ਼ੀਟਿਵ ਪਾਈ ਗਈ ਮਹਿਲਾ ਦੀ ਉਮਰ 56 ਸਾਲ ਹੈ। ਉਧਰ ਮੰਗਲਵਾਰ ਸਵੇਰੇ ਆਇਆ ਦੂਜਾ ਮਾਮਲਾ ਮੁੰਡੀ ਖਰੜ ’ਚ ਸਾਹਮਣੇ ਆਇਆ ਹੈ, ਜੋ ਬੀਤੀ 7 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਈ 78 ਸਾਲਾ ਬਜ਼ੁਰਗ ਔਰਤ ਦੀ 38 ਸਾਲਾ ਧੀ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਕੱਲ੍ਹ ਪੰਜਾਬ ਵਿੱਚ 9 ਪੌਜ਼ੀਟਿਵ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਵਿੱਚੋਂ ਲੁਧਿਆਣਾ-ਉੱਤਰੀ ਦੇ ਏਸੀਪੀ ਅਨਿਲ ਕੋਹਲੀ ਵੀ ਸ਼ਾਮਿਲ ਹਨ। ਸਿਹਤ ਵਿਭਾਗ ਨੇ ਉਨ੍ਹਾਂ ਦੇ 4 ਪਰਿਵਾਰਕ ਮੈਂਬਰਾਂ ਸਮੇਤ ਕੁੱਲ 15 ਵਿਅਕਤੀਆਂ ਨੂੰ ਆਈਸੋਲੇਟ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਸਲੇਮ ਟਾਬਰੀ ਤੇ ਦਰੇਸੀ ਪੁਲਿਸ ਥਾਣਿਆਂ ਦੇ ਐੱਸਐੱਚਓ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਕੋਵਿਡ-19: ਕੈਪਟਨ ਸਰਕਾਰ ਨੇ ਸੂਬੇ ਦੇ ਹਾਲਾਤ 'ਤੇ ਚਰਚਾ ਲਈ ਸੱਦੀ ਸਰਬ ਦਲੀ ਬੈਠਕ
ਏਸੀਪੀ ਕੋਹਲੀ ਦੀ ਡਿਊਟੀ ਨਵੀਂ ਸਬਜ਼ੀ ਮੰਡੀ ਇਲਾਕੇ ’ਚ ਲੱਗੀ ਹੋਈ ਸੀ, ਤਾਂ ਜੋ ਉੱਥੇ ਜ਼ਿਆਦਾ ਭੀੜ ਇਕੱਠੀ ਨਾ ਹੋਣ ਦਿੱਤੀ ਜਾਵੇ ਅਤੇ ਬੀਤੀ 8 ਅਪ੍ਰੈਲ ਨੂੰ ਉਨ੍ਹਾਂ ਨੂੰ ਖੰਘ, ਬੁਖਾ਼ਰ ਤੇ ਸਾਹ ਲੈਣ ਵਿੱਚ ਔਖ ਆ ਰਹੀ ਸੀ ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਪਠਾਨਕੋਟ 'ਚ 6 ਹੋਰ ਮਰੀਜ਼ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਕਰਕੇ ਜ਼ਿਲ੍ਹੇ ਵਿੱਚ ਕੁੱਲ ਪੀੜਤਾਂ ਦੀ ਗਿਣਤੀ 22 ਹੋ ਗਈ ਹੈ।