ਚੰਡੀਗੜ੍ਹ ਪੰਜਾਬ ਵਿੱਚ ਕੋਰੋਨਾ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂਆਤ ਦੇ ਪਹਿਲੇ 3 ਦਿਨਾਂ ਵਿੱਚ ਹੀ ਪੂਰੇ ਤਰੀਕੇ ਦੇ ਨਾਲ ਫੇਲ੍ਹ ਹੁੰਦਾ ਦਿਖਾਈ ਦੇ ਰਿਹਾ ਹੈ। ਜੇ ਨਜ਼ਰ ਅੰਕੜਿਆਂ 'ਤੇ ਮਾਰੀਏ ਤਾਂ ਪਤਾ ਲੱਗੇਗਾ ਕਿ ਪੰਜਾਬ ਸਰਕਾਰ ਆਪਣੇ ਸਿਹਤ ਵਿਭਾਗ ਨਾਲ ਜੁੜੇ ਹੈਲਥ ਵਰਕਰਾਂ ਨੂੰ ਵੀ ਕੋਰੋਨਾ ਵੈਕਸੀਨ ਦੇ ਪ੍ਰਤੀ ਜਾਗਰੂਕ ਨਹੀਂ ਕਰ ਸਕੀ।
ਪੰਜਾਬ ਵਿੱਚ ਕੋਰੋਨਾ ਵੈਕਸੀਨੇਸ਼ਨ ਪ੍ਰੋਗਰਾਮ ਟੀਚੇ ਤੋਂ ਕਾਫ਼ੀ ਪਿੱਛੇ
- ਹਾਲਾਤ ਇਹ ਹਨ ਕਿ ਪਹਿਲੇ ਦਿਨ ਪੰਜਾਬ ਵਿੱਚ 5853 ਰਜਿਸਟਰਡ ਹੈਲਥ ਵਰਕਰਾਂ ਵਿੱਚੋਂ ਸਿਰਫ਼ 22.6 ਫੀਸਦ ਯਾਨੀ 1327 ਹੈਲਥ ਵਰਕਰਾਂ ਨੂੰ ਹੀ ਵੈਕਸੀਨ ਲਗਵਾਈ ਗਈ।
- ਵੈਕਸੀਨੇਸ਼ਨ ਦੇ ਦੂਜੇ ਦਿਨ ਕੁੱਲ 6021 ਵਿੱਚੋਂ ਸਿਰਫ਼ 33 ਫੀਸਦ ਯਾਨੀ ਕਿ 1993 ਹੈਲਥ ਵਰਕਰਾਂ ਨੇ ਹੀ ਵੈਕਸੀਨ ਲਗਵਾਈ।
- ਸੋਮਵਾਰ ਨੂੰ ਪੰਜਾਬ ਦੇ ਮੋਗਾ ਵਿੱਚ ਰਜਿਸਟਰਡ 200 ਹੈਲਥ ਵਰਕਰਾਂ ਵਿਚੋਂ ਸਿਰਫ਼ 8.5 ਫੀਸਦ ਯਾਨੀ ਕਿ ਸਿਰਫ਼ 17 ਹੈਲਥ ਵਰਕਰਾਂ ਨੇ ਵੈਕਸੀਨ ਲਗਵਾਈ।
- ਮਾਨਸਾ ਵਿੱਚ ਰਜਿਸਟਰਡ 100 ਹੈਲਥ ਵਰਕਰਾਂ ਵਿੱਚੋਂ ਸਿਰਫ਼ 19 ਫੀਸਦ ਯਾਨੀ ਕਿ 19 ਹੈਲਥ ਵਰਕਰਾਂ ਨੇ ਵੈਕਸੀਨ ਲਗਵਾਈ।
- ਗੱਲ ਜੇ ਫ਼ਿਰੋਜ਼ਪੁਰ ਦੀ ਕਰੀਏ ਤਾਂ 358 ਰਜਿਸਟਰਡ ਹੈੱਲਥ ਵਰਕਰਾਂ ਵਿੱਚੋਂ ਸਿਰਫ਼ 75 ਹੈਲਥ ਵਰਕਰਾਂ ਯਾਨੀ ਕਿ ਤਕਰੀਬਨ 21 ਫੀਸਦ ਨੇ ਹੀ ਵੈਕਸੀਨ ਲਗਵਾਈ।
- ਹਾਲਾਂਕਿ ਪੰਜਾਬ ਦੇ ਲੁਧਿਆਣਾ, ਹੁਸ਼ਿਆਰਪੁਰ, ਜਲੰਧਰ ਅਤੇ ਫ਼ਰੀਦਕੋਟ ਦੇ ਅੰਕੜੇ ਇਨ੍ਹਾਂ ਨਾਲੋਂ ਥੋੜ੍ਹੇ ਬਿਹਤਰ ਹਨ।
ਉੱਥੇ ਇਸ ਪੂਰੇ ਮਾਮਲੇ ਦੀ ਜਦੋਂ ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਰਾ ਠੀਕਰਾ ਮੋਦੀ ਸਰਕਾਰ 'ਤੇ ਭੰਨਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਸੇ ਵੀ ਗੱਲ 'ਤੇ ਯਕੀਨ ਨਹੀਂ ਹੈ ਜਿਸ ਕਰਕੇ ਲੋਕਾਂ ਨੂੰ ਵੈਕਸੀਨ 'ਤੇ ਵੀ ਭਰੋਸਾ ਨਹੀਂ ਹੈ। ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸਮਝਾਉਣਾ ਪੈ ਰਿਹਾ ਹੈ ਕਿ ਇਹ ਵੈਕਸੀਨ ਮੋਦੀ ਦੀ ਨਹੀਂ ਹੈ ਬਲਕਿ ਕਰੋਨਾ ਦੇ ਇਲਾਜ ਦੀ ਹੈ।
ਦੂਜੇ ਪਾਸੇ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੇ ਖ਼ਿਲਾਫ਼ ਸਾਜ਼ਿਸ਼ਾਂ ਕਰੇਗੀ ਤਾਂ ਵਿਸ਼ਵਾਸ ਕਿਵੇਂ ਪੈਦਾ ਹੋਵੇਗਾ ਲੋਕਾਂ ਦਾ ਸਿਸਟਮ ਤੋਂ ਕੇਂਦਰ ਸਰਕਾਰ ਤੋਂ ਵਿਸ਼ਵਾਸ ਖ਼ਤਮ ਹੋ ਚੁੱਕਿਆ ਹੈ ਇਸ ਕਰਕੇ ਪਾਰਲੀਮੈਂਟ ਵਿਚ ਜਿਹੜੇ ਲੋਕ ਬੈਠੇ ਹਨ ਉਨ੍ਹਾਂ ਨੂੰ ਇਸ ਤੋਂ ਉੱਪਰ ਸੋਚਣਾ ਚਾਹੀਦਾ।