ਚੰਡੀਗੜ੍ਹ: ਦੇਸ਼ ਭਰ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਜਾਰੀ ਹੈ। ਇਸ ਦਾ ਅਸਰ ਪੰਜਾਬ ਸਣੇ ਹੋਰਨਾਂ ਕਈ ਸੂਬਿਆਂ 'ਚ ਵੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਕੇਸਾਂ ਨੂੰ ਲੈ ਕੇ ਜਦ ਮਾਹਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਡਾਕਟਰਾਂ ਨੇ ਸੰਕੇਤਕ ਲਛਣਾਂ ਵਾਲੇ ਮਰੀਜ਼ਾਂ ਕਾਰਨ ਕੋਰੋਨਾ ਫੈਲਣ ਦਾ ਖ਼ਦਸ਼ਾ ਪ੍ਰਗਟਾਇਆ। ਉਨ੍ਹਾਂ ਆਖਿਆ ਕਿ ਬੀਤੇ ਦਿਨੀਂ ਵੱਡੀ ਗਿਣਤੀ 'ਚ ਪੰਜਾਬ ਤੋਂ ਮਜਦੂਰ ਆਪਣੇ ਘਰਾਂ ਨੂੰ ਰਵਾਨਾ ਹੋਏ ਤੇ ਉਨ੍ਹਾਂ ਨੇ ਜਨਤਕ ਵਾਹਨਾਂ 'ਚ ਸਫਰ ਕੀਤਾ ਹੈ। ਜਿਸ ਦੇ ਚਲਦੇ ਕੋਰੋਨਾ ਕੇਸਾਂ 'ਚ ਵਾਧਾ ਹੋਇਆ ਹੈ।
ਕੋਰੋਨਾ ਨਿਯਮਾਂ ਦੀ ਉਲੰਘਣਾ ਤੇ ਸੰਕੇਤਕ ਲਛਣਾਂ ਵਾਲੇ ਮਰੀਜ਼ਾਂ ਕਾਰਨ ਫੈਲਿਆ ਕੋਰੋਨਾ
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਕੇਸ ਵੱਧਣ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਨਾਈਟ ਕਰਫਿਊ ਤੇ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਜਿਸ ਮਗਰੋਂ ਪ੍ਰਵਾਸੀ ਮਜਦੂਰਾਂ ਵਿਚਾਲੇ ਪਿਛਲੇ ਸਾਲ ਵਾਂਗ ਲਮੇਂ ਸਮੇਂ ਤੱਕ ਲੌਕਡਾਊਨ ਤੇ ਕੰਮ ਨਾ ਮਿਲਣ ਦਾ ਡਰ ਬੈਠ ਗਿਆ। ਇਸ ਡਰ ਦੇ ਚਲਦੇ ਤਕਰੀਬਨ 60-70 ਫੀਸਦੀ ਪ੍ਰਵਾਸੀ ਮਜਦੂਰ ਆਪਣੇ ਘਰਾਂ ਲਈ ਰਵਾਨਾ ਹੋਏ। ਇਸ ਦੌਰਾਨ ਰੇਲਵੇ ਸਟੇਸ਼ਨ, ਬੱਸ ਅੱਡੇ ਤੇ ਵੱਡੀ ਗਿਣਤੀ 'ਚ ਪ੍ਰਵਾਸੀ ਮਜਦੂਰ ਨਜ਼ਰ ਆਏ। ਇਸ ਦੌਰਾਨ ਕਈ ਥਾਵਾਂ ਉੱਤੇ ਕੋਰੋਨਾ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵੀ ਸਾਹਮਣੇ ਆਏ।
ਯਾਤਰਾ ਤੋਂ ਪਹਿਲਾਂ ਕੋਰੋਨਾ ਟੈਸਟ ਹੈ ਬਚਾਅ
ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਹੋਮਿਓਪੈਥੀ ਦੇ ਮਾਹਰ ਡਾ. ਐਚਐਸ ਖਰਬੰਦਾ ਨੇ ਦੱਸਿਆ ਕਿ ਪੰਜਾਬ ਤੇ ਹੋਰਨਾਂ ਸੂਬਿਆਂ ਵਿੱਚ ਕੋਰੋਨਾ ਕੇਸ ਵੱਧਣ ਦਾ ਮੁਖ ਕਾਰਨ ਸੰਕੇਤਕ ਲਛਣਾਂ ਵਾਲੇ ਮਰੀਜ਼ ਹਨ। ਇਨ੍ਹਾਂ ਚੋਂ ਕਈ ਮਜਦੂਰ ਕੰਮ ਦੀ ਭਾਲ 'ਚ ਯੂਪੀ ਤੇ ਰਾਜਸਥਾਨ ਵੀ ਗਏ। ਉਨ੍ਹਾਂ ਦੱਸਿਆ ਕਿ ਕੁੱਝ ਲੋਕਾਂ ਵੱਲੋਂ ਇਸ ਦੌਰਾਨ ਕੋਰੋਨਾ ਦਾ ਸੰਕੇਤਕ ਲੱਛਣਾ ਵੱਲ ਧਿਆਨ ਨਹੀਂ ਦਿੱਤਾ ਗਿਆ ਤੇ ਨਾਂ ਹੀ ਕੋਰੋਨਾ ਨਿਯਮਾਂ ਦੀ ਪਾਲਣਾ ਕੀਤੀ ਗਈ। ਇਸ ਦਾ ਨਤੀਜਾ ਇਹ ਹੋਇਆ ਕਿ ਸੰਕੇਤਕ ਲੱਛਣਾਂ ਵਾਲੇ ਮਰੀਜ਼ ਕੋਰੋਨਾ ਦੇ ਸੁਪਰ ਸਪਰੈਡਰ ਬਣ ਗਏ, ਜਿਸ ਕਾਰਨ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਕੋਰੋਨਾ ਦੇ ਕੇਸ ਵੱਧ ਗਏ। ਕਿਉਂਕਿ ਇੱਕ ਮਰੀਜ਼, ਇੱਕ ਹਫ਼ਤੇ 'ਚ ਤਕਰੀਬਨ 30 ਤੋਂ ਵੱਧ ਲੋਕਾਂ ਨੂੰ ਸੰਕਰਮਿਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਯਾਤਰਾ ਸਮੇਂ ਲੋਕ ਆਪਣਾ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ। ਆਪਣੇ ਘਰ ਪਹੁੰਚਣ ਮਗਰੋਂ ਵੀ ਯਾਤਰੀਆਂ ਨੂੰ ਤਕਰੀਬਨ 3 ਤੋਂ 7 ਦਿਨਾਂ ਤੱਕ ਲਈ ਕੁਆਰਨਟਿਨ ਰਹਿਣਾ ਚਾਹੀਦਾ ਹੈ। ਅਜਿਹਾ ਕਰਕੇ ਗੰਭੀਰ ਹਲਾਤਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ