ਚੰਡੀਗੜ੍ਹ: ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਐਲਾਨ ਕਰ ਦਿੱਤਾ ਗਿਆ। ਚਰਨਜੀਤ ਸਿੰਘ ਚੰਨੀ ਸ੍ਰੀ ਚਮਕੌਰ ਸਾਹਿਬ ਤੋਂ ਕਾਂਗਰਸ ਤੋਂ ਵਿਧਾਇਕ ਹਨ। ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਪਾਰਟੀ ਵਲੋਂ ਦਲਿਤ ਕਾਰਡ ਖੇਡਿਆ ਗਿਆ ਹੈ। ਦੱਸ ਦਈਏ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 11 ਵਜੇ ਮੁੱਖ ਮੰਤਰੀ ਦੇ ਅਹੁਦੇ ਦੀ ਸੰਹੁ ਚੁੱਕੀ ਜਾਵੇਗੀ। ਚੰਨੀ ਦੇ ਨਾਲ 2 ਉਪ ਮੁੱਖ ਮੰਤਰੀ ਵੀ ਲਾਏ ਜਾਣ ਦੀਆਂ ਖ਼ਬਰਾਂ ਹਨ।
ਚੰਨੀ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ
ਪੰਜਾਬ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਮਦਾਸੀਆ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ। ਉਹ ਤਿੰਨ ਵਾਰ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹੇ ਹਨ। 16 ਮਾਰਚ 2017 ਨੂੰ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਸੀ। ਇਸ ਤੋਂ ਪਹਿਲਾਂ ਚੰਨੀ ਕੌਂਸਲਰ ਵੀ ਰਹੇ ਜਿਸ ਤੋਂ ਉਨ੍ਹਾਂ ਦੀ ਸਿਆਸੀ ਸਫਰ ਦੀ ਸ਼ੁਰੂਆਤ ਹੋਈ। ਉਹ ਨਵਜੋਤ ਸਿੰਘ ਸਿੱਧੂ ਦੇ ਬਹੁਤ ਨੇੜਲੇ ਮੰਨੇ ਜਾਂਦੇ ਹਨ। 2007 ਵਿੱਚ ਉਹ ਪਹਿਲੀ ਵਾਰ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਚੁਣੇ ਗਏ ਸਨ ਤੇ ਲਗਾਤਾਰ ਤਿੰਨ ਵਾਰ ਆਪਣੇ ਹਲਕੇ ਤੋਂ ਵਿਧਾਇਕ ਬਣੇ ਹਨ।ਚਰਨਜੀਤ ਸਿੰਘ ਚੰਨੀ ਦਾ ਜਨਮ 1 ਮਾਰਚ 1963 ਨੂੰ ਹੋਇਆ ਸੀ। ਉਹ ਮੁਹਾਲੀ ਦੇ ਵਸਨੀਕ ਹਨ ਤੇ ਪੋਸਟ ਗ੍ਰੈਜੂਏਟ ਹਨ। ਚਰਨਜੀਤ ਚੰਨੀ ਹੈਂਡਬਾਲ ਦੇ ਖਿਡਾਰੀ ਵੀ ਰਹੇ ਹਨ ਅਤੇ ਤਿੰਨ ਵਾਰ ਯੂਨੀਵਰਸਿਟੀ ਗੋਲਡ ਮੈਡਲ ਜੇਤੂ ਰਹੇ ਹਨ।
ਕਾਂਗਰਸ ਵੱਲੋਂ ਖੇਡਿਆ ਗਿਆ ਵੱਡਾ ਦਾਅ
ਕਾਂਗਰਸ (Congress) ਵੱਲੋਂ ਪੰਜਾਬ ਵਿੱਚ ਇੱਕ ਦਲਿਤ ਚਿਹਰੇ ਨੂੰ ਸੀਐਮ ਬਣਾਉਣ ਨੂੰ ਲੈਕੇ ਸਿਆਸੀ ਹਲਕਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਇੱਕ ਪਾਸੇ ਜਿੱਥੇ 2022 ਦੀਆਂ ਚੋਣਾਂ ਨੂੰ ਲੈਕੇ ਸੂਬੇ ਦੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਦਲਿਤ ਚਿਹਰੇ ਅੱਗੇ ਲਿਆਉਣ ਦੇ ਐਲਾਨ ਕੀਤੇ ਜਾ ਰਹੇ ਸਨ ਪਰ ਕਾਂਗਰਸ ਵੱਲੋਂ ਇਸਨੂੰ ਕਰ ਵਿਖਾਇਆ ਹੈ। ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਦਲਿਤ ਵੋਟਾਂ ਨੂੰ ਕਾਂਗਰਸ ਨੇ ਆਪਣੇ ਨਾਂ ਕਰਨ ਦੀ ਇੱਕ ਕੋਸ਼ਿਸ਼ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ ਵਾਅਦਾ
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਦਲਿਤ ਚਿਹਰੇ ਨੂੰ ਡਿਪਟੀ ਸੀਐਮ ਬਣਾਇਆ ਜਾਵੇਗਾ। ਉੱਥੇ ਹੀ ਦੂਜੇ ਪਾਸੇ ਬੀਜੇਪੀ ਨੇ ਵੀ ਕਿਹਾ ਹੈ ਕਿ ਚੋਣਾਂ ਜਿੱਤਣ ’ਤੇ ਦਲਿਤ ਚਿਹਰੇ ਨੂੰ ਸੀਐੱਮ ਬਣਾਇਆ ਜਾਵੇਗਾ ਜੇਕਰ ਗੱਲ ਗੱਲ ਕੀਤੀ ਜਾਵੇਗੀ ਆਮ ਆਦਮੀ ਪਾਰਟੀ ਦੀ ਤਾਂ ਉਹ ਅਕਸਰ ਹੀ ਕਹਿੰਦੇ ਆਏ ਹਨ ਕਿ ਉਨ੍ਹਾਂ ਵੱਲੋਂ ਦਲਿਤਾਂ ਦਾ ਸਨਮਾਨ ਕਰਦੇ ਅਤੇ ਦਿੰਦੇ ਆਏ ਹਨ। ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨਸਭਾ ਚ ਵਿਰੋਧੀ ਆਗੂ ਦੇ ਤੌਰ ’ਤੇ ਹਰਪਾਲ ਚੀਮਾ ਨੂੰ ਨਿਯੁਕਤ ਕੀਤਾ ਗਿਆ ਹੈ।
ਸਿੱਧੂ ਦੀ ਜਿੱਤ
ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਨਾਂ 'ਤੇ ਅੰਤਿਮ ਫੈਸਲਾ ਆਉਣ ਤੋਂ ਬਾਅਦ ਨਵਜੋਤ ਸਿੱਧੂ ਬਹੁਤ ਹੀ ਖੁਸ਼ ਹਨ। ਦਰਅਸਲ 2022 ਦੀਆਂ ਚੋਣਾਂ ਵਿਚ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਵਜੋਤ ਸਿੱਧੂ ਚੁਣੌਤੀ ਦੇ ਤੌਰ 'ਤੇ ਮਹਿਸੂਸ ਕਰ ਰਹੇ ਸਨ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਇਕ ਤਜ਼ਰਬੇਕਾਰ ਸਿਆਸਤਦਾਨ ਹਨ। ਅਜਿਹੇ ਵਿਚ ਨਵਜੋਤ ਸਿੰਘ ਸਿੱਧੂ ਲਈ ਉਹ ਚੁਣੌਤੀ ਵਜੋਂ ਵੀ 2022 ਵਿਚ ਖੜ੍ਹੇ ਹੋ ਸਕਦੇ ਸਨ। ਸੂਤਰਾਂ ਦੇ ਹਵਾਲੇ ਤੋਂ ਅਜਿਹੀਆਂ ਵੀ ਖਬਰਾਂ ਹਨ ਕਿ ਚਰਨਜੀਤ ਸਿੰਘ ਚੰਨੀ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਕੋਈ ਅੰਦਰੂਨੀ ਸਮਝੌਤਾ ਵੀ ਹੋਇਆ ਹੈ। ਦਰਅਸਲ ਜਿਵੇਂ ਹੀ ਸੁਖਜਿੰਦਰ ਸਿੰਘ ਰੰਧਾਵਾ ਦੇ ਸੀਐੱਮ ਬਨਣ ਦੀ ਰਾਹ ਸੌਖੀ ਨਜ਼ਰ ਆ ਰਹੀ ਸੀ। ਉਸ ਤੋਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਹਾਈ ਕਮਾਨ ਨਾਲ ਸੰਪਰਕ ਸਾਧਣ ਲੱਗੇ ਅਤੇ ਉਹ ਲਗਾਤਾਰ ਹਾਈ ਕਮਾਨ 'ਤੇ ਰੰਧਾਵਾ ਨੂੰ ਮੁੱਖ ਮੰਤਰੀ ਨਾ ਬਣਾਉਣ ਅਤੇ ਚਰਨਜੀਤ ਸਿੰਘ ਚੰਨੀ ਦਾ ਨਾਂ ਅੱਗੇ ਕਰ ਕੇ ਉਨ੍ਹਾਂ ਨੂੰ ਸੀਐੱਮ ਬਣਾਉਣ ਲਈ ਦਬਾਅ ਬਣਾ ਰਹੇ ਸੀ।
ਕੈਪਟਨ ਦੀ ਵਧਾਈ
ਨਵੇਂ ਮੁੱਖ ਮੰਤਰੀ ਨੂੰ ਵਧਾਈ ਦਿੰਦਿਆਂ ਸਾਬਕਾ ਸੀਐਮ ਨੇ ਟਵੀਟ ਕਰ ਲਿਖਿਆ ਕਿ ਉਹ ਉਮੀਦ ਕਰਦੇ ਹਨ ਕਿ ਚੰਨੀ ਸਰਹੱਦੀ ਸੂਬੇ ਪੰਜਾਬ ਨੂੰ ਸੁਰੱਖਿਅਤ ਰੱਖਣਗੇ ਤੇ ਸਾਡੇ ਲੋਕਾਂ ਦੀ ਸਰਹੱਦ ਪਾਰੋਂ ਵੱਧ ਰਹੀਆਂ ਚੁਣੌਤੀਆਂ ਤੋਂ ਰੱਖਿਆ ਕਰਨਗੇ। ਕੈਪਟਨ ਨੇ ਇੱਕ ਹੋਰ ਟਵੀਟ ਕਰ ਲਿਖਿਆ ਕਿ ਉਹ ਕਿਸਾਨ ਸੰਘਰਸ਼ 'ਚ ਜਾਨ ਗਵਾਉਣ ਵਾਲੇ 150 ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਲਈ ਨਿਯੁਕਤੀ ਪੱਤਰ ਦੇਣ ਜਾ ਰਹੇ ਸੀ। ਉਨ੍ਹਾਂ ਕਿਹਾ ਕਿ ਉਮੀਦ ਕਰਦਾ ਕਿ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਚੰਨੀ ਉਸ ਨੂੰ ਜਲਦੀ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਕਿਸਾਨਾਂ ਨਾਲ ਖੜੇ ਹਨ ਅਤੇ ਉਨ੍ਹਾਂ ਦੇ ਹੱਕਾਂ ਲਈ ਲੜਦੇ ਰਹਿਣਗੇ।
ਇਹ ਵੀ ਪੜੋ: Live Update: ਚਰਨਜੀਤ ਚੰਨੀ ਮੁੱਖ ਮੰਤਰੀ, ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਰੰਧਾਵਾ ਉਪ ਮੁੱਖ ਮੰਤਰੀ