ਚੰਡੀਗੜ੍ਹ: ਸੈਕਟਰ 22 ਸ਼ਾਸਤਰੀ ਮਾਰਕਿਟ ਦੇ ਵਿੱਚ ਦੁਕਾਨਦਾਰ ਧਰਨਾ ਪ੍ਰਦਰਸ਼ਨ 'ਤੇ ਬੈਠੇ ਹਨ। ਇਨ੍ਹਾਂ ਦੁਕਾਨਦਾਰਾਂ ਦਾ ਦੋਸ਼ ਹੈ ਕਿ ਸੈਕਟਰ 22 ਦੇ ਪਾਰਸ਼ਦ ਵੱਲੋਂ ਪੈਸਿਆਂ ਦੇ ਲਾਲਚ ਦੇ ਵਿੱਚ ਰੇਹੜੀ ਫੜੀ ਵਾਲਿਆਂ ਨੂੰ ਲਾਇਸੈਂਸ ਦੇਣ ਦੇ ਲਈ ਬਣਾਈ ਸੜਕ ਨੂੰ ਹੋਰ ਚੌੜਾ ਕੀਤਾ ਜਾ ਰਿਹਾ ਹੈ ਤਾਂ ਕਿ ਇੱਥੇ ਹੋਰ ਰੇਹੜੀ ਫੜੀ ਵਾਲੇ ਬਿਠਾਏ ਜਾ ਸਕਣ। ਇਸ ਧਰਨੇ ਨੂੰ ਚੰਡੀਗੜ੍ਹ ਕਾਂਗਰਸ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਵੱਲੋਂ ਦੱਸਿਆ ਗਿਆ ਕਿ ਇੱਥੇ ਸੜਕ ਨੂੰ ਰਾਤੋ ਰਾਤ ਵਧਾ ਕੇ ਹੋਰ ਰੇਹੜੀ ਫੜੀਆਂ ਲਗਵਾਈਆਂ ਜਾ ਰਹੀਆਂ ਨੇ ਅਤੇ ਇਸ 'ਤੇ ਜੋ ਮਜ਼ਦੂਰ ਕੰਮ ਕਰ ਰਹੇ ਨੇ ਉਹ ਵੀ ਪ੍ਰਾਈਵੇਟ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਇੱਥੇ ਪਹਿਲਾਂ ਕੂੜਾ ਖ਼ਤਮ ਕਰਨ ਦੇ ਲਈ ਡਸਟਬਿਨ ਲਗਾਏ ਗਏ ਸੀ ਜਿਨ੍ਹਾਂ ਨੂੰ ਉਖਾੜ ਦਿੱਤਾ ਗਿਆ।।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਹਾਈ ਕੋਰਟ ਦੇ ਅਧੀਨ ਹੈ ਜਦੋਂ ਤੱਕ ਹਾਈਕੋਰਟ ਦੇ ਵੱਲੋਂ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਇਸ ਸੜਕ ਨੂੰ ਨਾ ਛੇੜਿਆ ਜਾਵੇ।
ਉੱਥੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਮਾਰਚ ਦੇ ਮਹੀਨੇ ਤੋਂ ਇੱਥੇ ਰੇਹੜੀ ਫੜੀ ਵਾਲਿਆਂ ਨੂੰ ਵਸਾਉਣ ਦੇ ਲਈ ਸੜਕ ਨੂੰ ਵਧਾਇਆ ਜਾ ਰਿਹਾ ਹੈ। ਸੈਕਟਰ ਬਾਈ ਦੇ ਪਾਰਸ਼ਦ ਦੇ ਵੱਲੋਂ ਇਹ ਕੰਮ ਆਪਣੇ ਨਿੱਜੀ ਫਾਇਦੇ ਦੇ ਲਈ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਭੀੜੀ ਹੋ ਗਈ ਹੈ ਜਿਸ ਨਾਲ ਵੱਡਾ ਟਰੱਕ ਜਾਂ ਫਿਰ ਐਂਬੂਲੈਂਸ ਜਾਂ ਵੱਡੀ ਗੱਡੀ ਇੱਥੋਂ ਦੀ ਮੁੜ ਨਹੀਂ ਸਕਦੀ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਤੱਕ ਹਾਈ ਕੋਰਟ ਦੇ ਵੱਲੋਂ ਇਸ ਦਾ ਫ਼ੈਸਲਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਇੱਥੇ ਕੰਮ ਨਾ ਕਰਵਾਇਆ ਜਾਵੇ।