ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਸਰਕਾਰ ਦੀ ਕਠਪੁਤਲੀ ਦੱਸਦੇ ਹੋਏ ਗੰਭੀਰ ਦੋਸ਼ ਲਗਾਏ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਕਮਜ਼ੋਰੀਆਂ ਕਾਰਨ ਮੋਦੀ-ਅਮਿਤ ਸ਼ਾਹ ਕੋਲ ਪੂਰੇ ਪੰਜਾਬ ਦਾ ਹੀ ਸੌਦਾ ਕਰ ਦਿੱਤਾ ਹੈ। ਮਾਨ ਨੇ ਕੈਪਟਨ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਵਿੱਚ ਥੋੜ੍ਹੀ ਬਹੁਤੀ ਹਿੰਮਤ ਹੈ ਤਾਂ ਉਹ ਕਿਸਾਨ ਅੰਦੋਲਨ ਵਿੱਚ ਜਾ ਕੇ ਅੰਨਦਾਤਾ ਦੇ ਹੱਕ 'ਚ ਕੇਂਦਰ ਦੀ ਮੋਦੀ ਸਰਕਾਰ ਨੂੰ ਲਲਕਾਰ ਕੇ ਦਿਖਾਉਣ।
ਕੈਪਟਨ ਦੱਸਣ ਕਿਸਾਨਾਂ ਦੇ ਹਿੱਤ 'ਚ ਹੁਣ ਤੱਕ ਉਨ੍ਹਾਂ ਕੀ ਕੀਤਾ?
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਹੁੰਦੇ ਹੋਏ ਪੁੱਛਿਆ, ''ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਂ 'ਤੇ ਤੁਸੀਂ ਦੱਸ ਸਕਦੇ ਹੋ ਕਿ ਚਾਰ ਸਾਲ ਦੇ ਸ਼ਾਸਨ ਅਤੇ ਇਸ ਪੂਰੇ ਕਿਸਾਨ ਅੰਦੋਲਨ ਵਿੱਚ ਤੁਸੀਂ ਕਿਸਾਨਾਂ ਲਈ ਕਿਹੜਾ ਫੈਸਲਾਕੁੰਨ ਕਦਮ ਚੁੱਕਿਆ ਹੈ? ਤੁਹਾਡੀ ਜੀਭ ਉੱਤੇ ਕਿਸ ਨੇ ਜ਼ਿੰਦਾ ਲਗਾਇਆ ਹੈ ਕਿ ਅੰਨਦਾਤਾ ਦੇ ਹੱਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੱਦ ਖ਼ਿਲਾਫ਼ ਇੱਕ ਸ਼ਬਦ ਨਹੀਂ ਬੋਲਿਆ? ਤੁਹਾਡੇ ਪੈਰਾਂ ਵਿੱਚ ਕਿਸ ਨੇ ਜ਼ੰਜੀਰ ਬੰਨ੍ਹ ਰੱਖੀ ਹੈ ਕਿ ਮੁੱਖ ਮੰਤਰੀ ਦਾ ਫ਼ਰਜ਼ ਨਿਭਾਉਂਦੇ ਹੋਏ ਤੁਸੀਂ ਅੰਦੋਲਨਕਾਰੀ ਕਿਸਾਨਾਂ ਵਿਚ ਨਾ ਜਾ ਕੇ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਵਾਧੂ ਸਹੂਲਤਾਵਾਂ ਨਹੀਂ ਦੇ ਸਕਦੇ, ਉਨ੍ਹਾਂ ਦਾ ਹੌਸਲਾ ਨਹੀਂ ਵਧਾ ਸਕਦੇ ਅਤੇ ਉਨ੍ਹਾਂ ਵਿੱਚ ਖੜ੍ਹੇ ਹੋ ਕੇ ਕੇਂਦਰ ਸਰਕਾਰ ਨੂੰ ਸਖ਼ਤ ਸੰਦੇਸ਼ ਨਹੀਂ ਦੇ ਸਕਦੇ ਅਤੇ ਪ੍ਰਧਾਨ ਮੰਤਰੀ ਨੂੰ ਨਹੀਂ ਮਿਲ ਸਕਦੇ?''
'ਹਿੰਮਤ ਹੈ ਤਾਂ ਕਿਸਾਨ ਅੰਦੋਲਨ 'ਚ ਜਾ ਕੇ ਮੋਦੀ ਨੂੰ ਲਲਕਾਰੇ ਕੈਪਟਨ'
ਭਗਵੰਤ ਮਾਨ ਨੇ ਕਿਹਾ ਕਿ ਜਦੋਂ ਦਿੱਲੀ ਦੇ ਮੁੱਖ ਮੰਤਰੀ ਇੱਕ ਸੇਵਾਦਾਰ ਵਜੋਂ ਅੰਦੋਲਨਕਾਰੀ ਕਿਸਾਨਾਂ ਕੋਲ ਜਾ ਕੇ ਉਨ੍ਹਾਂ ਦੇ ਹੱਕ 'ਚ ਬੋਲ ਸਕਦੇ ਹਨ ਅਤੇ ਤਮਾਮ ਤਰ੍ਹਾਂ ਦੀਆਂ ਸਹੂਲਤਾਵਾਂ ਮੁਹੱਈਆ ਕਰਵਾ ਸਕਦੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਆਪਣੇ ਸ਼ਾਹੀ ਫਾਰਮ ਹਾਊਸ ਤੋਂ ਬਾਹਰ ਕਿਉਂ ਨਹੀਂ ਨਿਕਲਦੇ? ਕੀ ਕੇਜਰੀਵਾਲ ਸਰਕਾਰ ਅਤੇ ਆਮ ਆਦਮੀ ਪਾਰਟੀ ਵੱਲੋਂ ਅੰਦੋਲਨਕਾਰੀ ਕਿਸਾਨਾਂ ਦੀ ਸੇਵਾ ਵਿਚ ਦਿੱਤੀਆਂ ਜਾ ਰਹੀਆਂ ਸਹੂਲਤਾਵਾਂ ਕੈਪਟਨ ਅਤੇ ਕਾਂਗਰਸ ਨੂੰ ਡਰਾਮਾ ਨਜ਼ਰ ਆਉਂਦਾ?
'ਕੈਪਟਨ ਨੂੰ ਮੋਦੀ-ਸ਼ਾਹ ਦੇ ਇਸ਼ਾਰਿਆਂ ਉੱਤੇ ਨਚਾਉਂਦੇ ਹਨ ਈਡੀ ਦੇ ਕੇਸ'
ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਸਲ ਕਮਜ਼ੋਰੀ ਇਹ ਹੈ ਕਿ ਉਹ ਕਿਸੇ ਵੀ ਤਰ੍ਹਾਂ ਕਿਸਾਨਾਂ ਜਾਂ ਪੰਜਾਬ ਦੇ ਹੱਕ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੀ ਤਾਨਾਸ਼ਾਹੀ ਨੂੰ ਲਲਕਾਰ ਨਹੀਂ ਸਕਦੇ। ਆਪਣੇ ਅਤੇ ਆਪਣੇ ਪਰਿਵਾਰ ਉੱਤੇ ਈਡੀ ਦੇ ਕੇਸ, ਵਿਦੇਸ਼ੀ ਬੈਂਕ ਖਾਤੇ ਅਤੇ ਪਾਕਿਸਤਾਨੀ ਮਹਿਮਾਨਾਂ ਵਰਗੀਆਂ ਅਨੇਕਾਂ ਕਮਜ਼ੋਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੋਦੀ-ਸ਼ਾਹ ਦੀ ਕਠਪੁਤਲੀ ਬਣਾ ਕੇ ਰੱਖ ਦਿੱਤਾ ਹੈ, ਜਿਸ ਦਾ ਖ਼ਮਿਆਜ਼ਾ ਨਾ ਕੇਵਲ ਅੰਦੋਲਨਕਾਰੀ ਅੰਨਦਾਤਾ, ਸਗੋਂ ਸਾਰਾ ਪੰਜਾਬ ਭੁਗਤ ਰਿਹਾ ਹੈ।