ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਣ ਦੇ ਮਾਮਲੇ, ਜਿਸ ਵਿੱਚ 80 ਤੋਂ ਵੱਧ ਲੋਕ ਮਾਰੇ ਗਏ ਹਨ, 'ਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ।
ਕੈਪਟਨ ਨੂੰ ਸਵਾਲ ਦੀ 13ਵੀਂ ਲੜੀ ਦੌਰਾਨ ਸ਼ਨੀਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਦੇ ਸ਼ਾਸਨਕਾਲ ਸਮੇਂ ਪਹਿਲਾਂ ਵੀ ਅਜਿਹੇ ਮਾਮਲੇ ਵਾਪਰੇ ਹਨ। ਸਾਲ 2012 ਅਤੇ ਸਾਲ 2016 ਵਿੱਚ ਕ੍ਰਮਵਾਰ ਗੁਰਦਾਸਪੁਰ ਅਤੇ ਬਟਾਲਾ ਵਿੱਚ ਵੀ ਅਜਿਹੀਆਂ ਹੀ ਘਟਨਾਵਾਂ ਵਾਪਰੀਆਂ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਵਿੱਚ ਵੀ ਕਈ ਜਾਨਾਂ ਗਈਆਂ ਸਨ ਅਤੇ ਬਟਾਲਾ ਕੇਸ ਵਿੱਚ ਤਾਂ ਐਫ.ਆਈ.ਆਰ. ਵੀ ਦਰਜ ਨਹੀਂ ਹੋਈ ਸੀ ਅਤੇ ਨਾ ਹੀ ਮੁੱਖ ਦੋਸ਼ੀ ਖਿਲਾਫ਼ ਕੋਈ ਕਾਰਵਾਈ ਕੀਤੀ ਗਈ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਜਾਂ ਨਜਾਇਜ਼ ਸ਼ਰਾਬ ਪੀਣ ਨਾਲ ਇੱਕ ਵੀ ਪੰਜਾਬੀ ਦੀ ਮੌਤ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ ਹਰੇਕ ਪੰਜਾਬੀ ਦੀ ਜ਼ਿੰਦਗੀ ਮਹੱਤਵਪੂਰਨ ਹੈ।