ਚੰਡੀਗੜ੍ਹ: ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ 2017 ਤੋਂ 2022 ਵਾਲੀ ਪਾਰੀ ਦਾ ਆਖ਼ਰੀ ਬਜਟ ਸੈਸ਼ਨ ਇਕ ਮਾਰਚ ਤੋਂ ਸ਼ੁਰੂ ਹੋਣ ਜਾ ਰਿਹੈ ਅਤੇ 5 ਮਾਰਚ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮਿਸ਼ਨ 2022 ਨੂੰ ਮੁੱਖ ਰੱਖਦਿਆ ਪ੍ਰੀ-ਇਲੈਕਸ਼ਨ ਬਜਟ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਪੰਜਾਬ ਦੇ ਹਰ ਵਰਗ ਨੂੰ ਆਪਣੀਆਂ ਚਿਕਨੀਆਂ ਚੋਪੜੀਆਂ ਸਕੀਮਾਂ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਦਾ ਉਪਰਾਲਾ ਕਰਨਗੇ।
ਕੈਪਟਨ ਸਰਕਾਰ ਖ਼ਾਸ ਕਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤਿੰਨ ਸਾਲ ਤਕ ਤਾਂ ਖ਼ਜ਼ਾਨਾ ਖਾਲੀ ਹੋਣ ਦਾ ਹੀ ਢੰਡੋਰਾ ਪਿੱਟਦੀ ਰਹੀ ਤੇ ਠੀਕਰਾ ਅਕਾਲੀ ਬੀਜੇਪੀ ਸਰਕਾਰ ਦੇ ਸਿਰ ਭੰਨ੍ਹਦੀ ਰਹੀ। ਜਦੋਂ ਹੁਣ ਮਨਪ੍ਰੀਤ ਬਾਦਲ ਖ਼ਜ਼ਾਨਾ ਪੈਰਾਂ ਉਤੇ ਹੋਣ ਦੀ ਗੱਲ ਕਹਿ ਰਹੇ ਹਨ ਤਾਂ ਪੰਜਾਬ ਦਾ ਹਰ ਵਰਗ ਵੀ ਚੋਣ ਵਾਅਦੇ ਮੁਤਾਬਕ ਸਰਕਾਰ ਦੇ ਅਗਾਮੀ ਬਜਟ ਵਲ ਟਿਕਟਿਕੀ ਲਗਾਈ ਬੈਠੇ ਹਨ। ਕੈਪਟਨ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੇਸ਼ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਉਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਕੈਪਟਨ ਸਰਕਾਰ ਨੂੰ ਵਿਰੋਧੀ ਪੂਰੀ ਤਰ੍ਹਾਂ ਘੇਰਨ ਲਈ ਤਿਆਰ ਹਨ।
ਉਧਰ ਕਾਂਗਰਸ ਅਸਲ ਮੁੱਦਿਆਂ ਤੋਂ ਜਨਤਾ ਦਾ ਧਿਆਨ ਭਕਾਉਣ ਲਈ ਗਵਰਨ ਦੀ ਹੀ ਘਿਰਾਉ ਕਰਨ ਜਾ ਰਹੀ ਹੈ ਤੇ ਅਕਾਲੀ ਦਲ ਨੇ ਕਿਸਾਨ ਖ਼ੁਦਕੁਸ਼ੀਆਂ ਦੇ ਮੁੱਦੇ ਤੇ ਵਿਧਾਨ ਸਭਾ ਘੇਰਨ ਦਾ ਐਲਾਨ ਕੀਤਾ ਹੋਇਆ ਅਤੇ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨ ਲਈ ਕਮਰ ਸੀ ਬੈਠੀ ਹੈ। ਫਿਲਹਾਲ ਦੇਖਣ ਵਾਲੀ ਗੱਲ ਹੋਵੇਗੀ ਬਜਟ ਸੈਸ਼ਨ ਕਿੰਨੇ ਕੁ ਸੁਖਾਂਵੇ ਮਾਹੌਲ ਵਿਚੋਂ ਗੁਜ਼ਰਦਾ ਹੈ।