ਚੰਡੀਗੜ੍ਹ: ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਅਤੇ ਲਗਾਤਾਰ ਪੰਜਾਬ ਭਾਜਪਾ ਲੀਡਰਾਂ 'ਤੇ ਹੋ ਰਹੇ ਹਮਲਿਆਂ ਦੇ ਮੁੱਦੇ 'ਤੇ ਪੰਜਾਬ ਭਾਜਪਾ ਦੇ ਪ੍ਰਤੀਨਿਧੀ ਮੰਡਲ ਵੱਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਭਾਜਪਾ ਲੀਡਰਾਂ ਨੇ ਰਾਜਪਾਲ ਨੂੰ ਕਿਹਾ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਹਨ। ਨਗਰ ਨਿਗਮ ਅਤੇ ਨਗਰਪਾਲਿਕਾ ਦੀਆਂ ਚੋਣਾਂ ਨਿਰਪੱਖ ਨਹੀਂ ਹੋ ਸਕਦੀਆਂ ਇਸ ਕਰਕੇ ਲੋੜ ਹੈ ਕਿ ਰਾਜਪਾਲ ਪੰਜਾਬ ਦੇ ਵਿੱਚ ਏਦਾਂ ਦਾ ਵਾਤਾਵਰਨ ਲਿਆਉਣ ਜਿਸ ਨਾਲ ਹਰ ਪਾਰਟੀ ਨਿਰਪੱਖ ਤਰੀਕੇ ਨਾਲ ਚੋਣ ਲੜ ਸਕੇ।
ਇਸ ਤੋਂ ਇਲਾਵਾ ਭਾਜਪਾ ਲੀਡਰਾਂ ਵੱਲੋਂ ਕਿਸਾਨਾਂ ਦੇ ਨਾਮ ਤੇ ਸ਼ਰਾਰਤੀ ਤੱਤਾਂ ਵੱਲੋਂ ਹਿੰਸਾ ਭੜਕਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਭਾਜਪਾ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਦੇ ਨਾਮ 'ਤੇ ਕਈ ਸ਼ਰਾਰਤੀ ਤੱਤਵ ਆਪਣਾ ਉੱਲੂ ਸਿੱਧਾ ਕਰਨ ਦੇ ਮਕਸਦ ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀਜੀਪੀ ਸਕਸ਼ਮ ਨਹੀਂ ਹਨ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਠੀਕ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕਈ ਥਾਵਾਂ 'ਤੇ ਪੁਲੀਸ ਦੀ ਮੌਜੂਦਗੀ ਵਿੱਚ ਪੰਜਾਬ ਭਾਜਪਾ ਦੇ ਵਰਕਰ ਅਤੇ ਲੀਡਰਾਂ ਤੇ ਹਮਲੇ ਹੋਏ ਅਤੇ ਪੁਲੀਸ ਮੂਕ ਦਰਸ਼ਕ ਬਣੀ ਰਹੀ। ਉਨ੍ਹਾਂ ਕਿਹਾ ਕਿ ਇਸ ਵੇਲੇ ਨਾ ਕੇਵਲ ਭਾਜਪਾ ਲੀਡਰਾਂ 'ਤੇ ਹਮਲੇ ਹੋ ਰਹੇ ਹਨ ਬਲਕਿ ਉਨ੍ਹਾਂ ਦੇ ਬਿਜ਼ਨਸ ਅਤੇ ਦੁਕਾਨਾਂ ਨੂੰ ਵੀ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਭੜਕਾਊ ਭਾਸ਼ਨ ਖਿਲਾਫ਼ ਉਨ੍ਹਾਂ ਉਪਰ ਪਰਚਾ ਦਰਜ ਕਰਨ ਦੀ ਮੰਗ ਵੀ ਕੀਤੀ। ਰਾਜਪਾਲ ਨਾਲ ਮੁਲਾਕਾਤ ਕਰਨ ਮੌਕੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ ਮਦਨ ਮੋਹਨ ਮਿੱਤਲ, ਵਿਜੇ ਸਾਂਪਲਾ, ਤੀਕਸ਼ਣ ਸੂਦ, ਮਨੋਰੰਜਨ ਕਾਲੀਆ ਵੀ ਸ਼ਾਮਲ ਰਹੇ।