ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਅੱਜ ਆਪਣੀ 2017-2022 ਪਾਰੀ ਦਾ ਆਖ਼ਰੀ ਬਜਟ ਪੇਸ਼ ਕੀਤਾ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਬਜਟ ਨੂੰ ਪੰਜਾਬ ਹਿਤੈਸ਼ੀ ਦੱਸਿਆ ਅਤੇ ਕਿਹਾ ਕਿ ਪੰਜਾਬ ਦੀ ਗੁਆਚੀ ਹੋਈ ਅਜ਼ਮਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵੱਕਾਰ ਨੂੰ ਬਹਾਲ ਕਰਨ ਲਈ ਕਾਂਗਰਸ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੂੰ ਪਹਿਲੇ ਦਿਨ ਹੀ 38 ਹਜ਼ਾਰ ਕਰੋੜ ਦਾ ਕਰਜ਼ਾ ਮਿਲਿਆ ਪਰ ਹੁਣ ਸਾਡੀ ਸਰਕਾਰ ਨੇ ਪੰਜਾਬ ਨੂੰ ਓਵਰਡ੍ਰਾਫਟ ਤੋਂ ਬਾਹਰ ਕੱਢ ਲਿਆ ਹੈ।
ਬਜਟ ਭਾਸ਼ਨ ਦੌਰਾਨ ਖ਼ਜ਼ਾਨਾ ਮੰਤਰੀ ਨੇ ਸਿਹਤ ਸੇਵਾਵਾਂ ਤੇ ਸਿਹਤ ਸਿੱਖਿਆ ਲਈ ਵੀ ਵੱਡੇ ਐਲਾਨ ਕੀਤੇ। ਉਨ੍ਹਾਂ ਦੱਸਿਆ ਕਿ ਜੱਚਾ ਬੱਚਾ ਹਸਪਤਾਲਾਂ ਦੀ ਹਾਲਤ ਸੁਧਾਰਨ ਅਤੇ ਉਨ੍ਹਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਵੱਲ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ। ਸਰਕਾਰ ਨੇ ਸਬ ਡਿਵੀਜਨ ਨਾਭਾ, ਪੱਟੀ ਆਦਿ ਲਈ 65 ਕਰੋੜ ਰੁਪਏ ਰੱਖੇ ਜਾਣ ਦੀ ਜ਼ਿਕਰ ਵੀ ਕੀਤਾ। ਇਸੇ ਤਰ੍ਹਾਂ ਗੁਰਦਾਸਪੁਰ, ਫ਼ਿਰੋਜ਼ਪੁਰ ਅਤੇ ਸੰਗਰੂਰ ਵਿੱਚ ਡਰੱਗ ਵੇਅਰ ਹਾਊਸ ਬਣਾਉਣ ਦਾ ਐਲਾਨ ਕੀਤਾ। ਖ਼ਜ਼ਾਨਾ ਮੰਤਰੀ ਨੇ ਮੈਡੀਕਲ ਸਿੱਖਿਆ ਅਤੇ ਖੋਜ ਲਈ 1008 ਕਰੋੜ ਰੁਪਏ ਰੱਖਣ ਬਾਰੇ ਦੱਸਿਆ।
ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਅੰਮ੍ਰਿਤਸਰ ਤੇ ਫ਼ਾਜ਼ਿਲਕਾ 'ਚ ਬਣ ਰਹੀਆਂ ਸੂਬਾ ਕੈਂਸਰ ਇੰਸਟੀਚਿਊਟਜ਼ ਇਸ ਸਾਲ ਦੇ ਅੰਤ ਤਕ ਬਣ ਕੇ ਤਿਆਰ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿਖੇ ਡਾ. ਭੀਮ ਰਾਉ ਅੰਬੇਦਕਰ ਦੇ ਨਾਮ ਉਤੇ ਬਣਨ ਵਾਲੇ ਮੈਡੀਕਲ ਕਾਲਜ 'ਚ ਇਸ ਸੈਸ਼ਨ ਕਲਾਸਾਂ ਸ਼ੁਰੂ ਹੋ ਜਾਣਗੀਆਂ ਤੇ ਉਨ੍ਹਾਂ ਦੱਸਿਆ ਪੰਜਾਬ ਸਰਕਾਰ ਨੂੰ 2 ਹੋਰ ਨਵੇਂ ਮੈਡੀਕਲ ਕਾਲਜ ਖੋਲ੍ਹਣ ਦੀ ਮਨਜ਼ੂਰੀ ਮਿਲ ਗਈ ਹੈ ਜਿਨ੍ਹਾਂ ਉਤੇ ਸਾਢੇ 600 ਕਰੋੜ ਰੁਪਏ ਖਰਚ ਆਉਣਗੇ। ਇਹ ਕਾਲਜ ਗੁਰੂ ਨਾਨਕ ਦੇਵ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਕਪੂਰਥਲਾ ਤੇ ਦੂਜਾ ਸ਼ਹੀਦ ਊਧਮ ਸਿੰਘ ਸਟੇਟ ਮੈਡੀਕਲ ਕਾਲਜਿਜ਼ ਆਫ਼ ਸਾਇੰਸਜ਼ ਹੁਸ਼ਿਆਰਪੁਰ ਵਿਖੇ ਬਣਾਏ ਜਾਣਗੇ। ਇਸ ਦੇ ਨਾਲ ਹੀ ਟਾਟਾ ਮੈਮੋਰੀਅਲ ਹੋਮੀ ਬਾਬਾ ਕੈਂਸਰ ਹਸਪਤਾਲ ਮੋਹਾਲੀ 450 ਕਰੋੜ ਦੀ ਲਾਗਤ ਨਾਲ ਇਸ ਸਾਲ ਚਾਲੂ ਹੋ ਜਾਵੇਗਾ। ਮਨਪ੍ਰੀਤ ਬਾਦਲ ਨੇ ਦੱਸਿਆ ਕਿ ਤੀਜਾ ਕੈਂਸਰ ਹਸਪਤਾਲ ਤੇ ਇਕ ਮੈਡੀਕਲ ਕਾਲਜ ਹੁਸ਼ਿਆਰਪੁਰ ਵਿਖੇ ਇਸ ਸਾਲ ਸ਼ੁਰੂ ਹੋ ਜਾਵੇਗਾ।
ਖ਼ਜ਼ਾਨਾ ਮੰਤਰੀ ਨੇ ਟਰੋਮਾ ਸੈਂਟਰਾਂ ਬਾਰੇ ਗੱਲ ਕਰਦਿਆ ਦੱਸਿਆ ਕਿ ਪੈਰਾ 69 ਪੈਰਾ ਮੈਡੀਕਲ ਸੈਂਟਰ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਅੰਮ੍ਰਿਤਸਰ ਅਤੇ ਫ਼ਰੀਦਕੋਟ ਵਿਖੇ 42, 93 ਅਤੇ 12 ਕਰੋੜ ਦੀ ਲਾਗਤ ਨਾਲ ਨੇਪਰੇ ਚਾੜੇ ਜਾਣਗੇ।ਉਨ੍ਹਾਂ ਪੈਰਾ 73 ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪੀਣ ਵਾਲੇ ਸ਼ੁੱਧ ਪਾਣੀ ਉਤੇ ਕਰੀਬ 1000 ਕਰੋੜ ਰੁਪਏ ਖਰਚੇ ਜਾਣਗੇ। ਇਸ ਤਰ੍ਹਾਂ ਖ਼ਜ਼ਾਨਾ ਮੰਤਰੀ ਨੇ ਬਜਟ ਸਾਲ 2021 'ਚ ਸਿਹਤ ਸੇਵਾਵਾਂ ਤੇ ਸਿੱਖਿਆ ਬਾਰੇ ਰੱਖੇ ਬਜਟ ਬਾਰੇ ਜਾਣਕਾਰੀ ਦਿੱਤੀ।