ਚੰਡੀਗੜ੍ਹ: ਪੰਜਾਬ ਵਿਧਾਨ ਸਭਾ 'ਚ ਅੱਜ ਇੱਕ ਰੋਜ਼ਾ ਇਜਲਾਸ ਕਰਵਾਇਆ ਗਿਆ। ਹਾਲਾਂਕਿ ਇਹ ਇਜਲਾਸ ਅਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਸੈਸ਼ਨ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੇ ਇਸ ਇਜਲਾਸ ਨੂੰ ਲੈ ਕੇ ਭਾਰੀ ਵਿਰੋਧ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਪੰਜਾਬ ਦੇ ਭਖਦੇ ਹੋਏ ਮਸਲਿਆਂ ਤੋਂ ਭੱਜ ਰਹੀ ਹੈ, ਜਿਸ ਕਾਰਨ ਇਜਲਾਸ ਦਾ ਸਮਾਂ ਸਿਰਫ ਇੱਕ ਦਿਨ ਦਾ ਰੱਖਿਆ ਗਿਆ ਹੈ।
ਮਾਨ ਨੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਸਿਰਫ਼ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਗਿਣਾ ਰਹੀ ਹੈ, ਜਿਵੇਂ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਅਗਲੇ ਕੱਲ੍ਹ ਕਿੰਨੇ ਹੋਰ ਕੇਸ ਨਵੇਂ ਆਉਣੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਦੇ ਖਾਤਮੇ ਲਈ ਕੋਈ ਯੋਜਨਾ ਲੋਕਾਂ ਨੂੰ ਨਹੀਂ ਦੱਸ ਰਹੀ। ਲੋਕ ਡਰ ਰਹੇ ਹਨ ਕਿ ਸਰਕਾਰ ਬਿਨ੍ਹਾਂ ਕਿਸੀ ਬਿਮਾਰੀ ਤੋਂ ਹੀ ਘਰੋਂ ਲੈ ਕੇ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਵੀ ਸ਼ੱਕ ਹੈ ਕਿ ਕੋਰੋਨਾ ਦੀ ਆੜ 'ਚ ਕਿਤੇ ਮਨੁੱਖੀ ਤਸਕਰੀ ਨਾ ਚੱਲ ਰਹੀ ਹੋਵੇ ਤਾਂ ਹੀ ਉਹ ਸਸਕਾਰ ਵੇਲੇ ਹੱਥ ਨਹੀਂ ਲਾਉਣ ਦਿੰਦੇ। ਮਾਨ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦੇ ਸਦਨ 'ਚ ਚੁੱਕੇ ਜਾਣੇ ਸੀ, ਇਸ ਲਈ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ ਕਿ ਕਿਤੇ ਸਰਕਾਰ ਦਾ ਚਿਹਰਾ ਨੰਗਾ ਨਾ ਹੋ ਜਾਵੇ, ਇਸ ਲਈ ਸਰਕਾਰ ਵੱਲੋਂ ਇੱਕ ਦਿਨ ਦਾ ਇਜਲਾਸ ਸੱਦ ਕੇ ਸਿਰਫ ਖਾਨਾਪੂਰਤੀ ਕੀਤੀ ਜਾ ਰਹੀ ਹੈ।