ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ 30 ਅਪ੍ਰੈਲ ਤੱਕ ਸਾਰੇ ਸਿਆਸੀ ਇਕੱਠਾਂ ’ਤੇ ਰੋਕ ਸ਼੍ਰੋਮਣੀ ਅਕਾਲੀ ਦਲ ਦੀਆਂ 'ਪੰਜਾਬ ਮੰਗਦਾ ਜਵਾਬ' ਰੈਲੀਆਂ ਦੀ ਅਪਾਰ ਸਫਲਤਾ ਨੂੰ ਵੇਖਦਿਆਂ ਲਗਾਈ ਗਈ ਹੈ ਅਤੇ ਸਰਕਾਰ ਉਸਦੇ ਖਿਲਾਫ ਲੋਕ ਰੋਹ ਨੂੰ ਹੋਰ ਭੜਕਣ ਤੋਂ ਰੋਕਣ ਦੇ ਯਤਨਾਂ ਵਿੱਚ ਅਜਿਹਾ ਕਰ ਰਹੀ ਹੈ।
ਜਾਰੀ ਬਿਆਨ ਵਿੱਚ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਨਤਕ ਮੀਟਿੰਗਾਂ ’ਤੇ ਪਾਬੰਦੀ ਦਾ ਸਬੰਧ ਕੋਰੋਨਾ ਤੋਂ ਵੀ ਜ਼ਿਆਦਾ ਕਾਂਗਰਸ ਪਾਰਟੀ ਤੇ ਇਸਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਔਖਿਆਈ ਨਾਲ ਹੈ। ਉਨ੍ਹਾਂ ਕਿਹਾ ਕਿ ਇਕ ਮਗਰੋਂ ਦੂਜੀ ਰੈਲੀ ਕਰ ਅਕਾਲੀ ਦਲ ਨੇ ਮੁੱਖ ਮੰਤਰੀ ਵੱਲੋਂ ਗੁਟਕਾ ਸਾਹਿਬ ਤੇ ਦਸਮ ਪਿਤਾ ਦੀ ਚੁੱਕੀ ਝੂਠੀ ਸਹੁੰ ਬੇਨਕਾਬ ਕਰ ਦਿੱਤੀ ਸੀ। ਇਸ ਨਾਲ ਪ੍ਰਸ਼ਾਂਤ ਕਿਸ਼ੋਰ ਦੀਆਂ ਯੋਜਨਾਵਾਂ ਵਿੱਚ ਗੜਬੜ ਹੋ ਗਈ ਤੇ ਉਸ ਵੱਲੋਂ ਕਾਂਗਰਸ ਪਾਰਟੀ ਦੇ ਹੋ ਰਹੇ ਨੁਕਸਾਨ ਉਨ੍ਹਾਂ ਰੋਕਣ ਲਈ ਜਨਤਕ ਇਕੱਠਾਂ ’ਤੇ ਪਾਬੰਦੀ ਲਗਾਉਣ ਦਾ ਸੁਝਾਅ ਦਿੱਤਾ ਗਿਆ।
ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਸਰਕਾਰ ਦੀ ਸੱਚਾਈ ਤੇ ਇਸ ਵੱਲੋਂ ਸਮਾਜ ਦੇ ਹਰ ਵਰਗ ਨਾਲ ਕਿਵੇਂ ਧੋਖਾ ਕੀਤਾ ਗਿਆ ਤੇ ਕਿਵੇਂ ਹਜ਼ਾਰਾਂ ਕਰੋੜਾਂ ਰੁਪਏ ਦੇ ਸਕੈਂਡਲਾਂ ਦੀ ਪ੍ਰਧਾਨਗੀ ਕੀਤੀ ਗਈ, ਇਹ ਸਭ ਲੋਕਾਂ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਿਰਫ ਵਿਰੋਧੀ ਧਿਰ ਦੀਆਂ ਰੈਲੀਆਂ ’ਤੇ ਹੀ ਪਾਬੰਦੀ ਨਹੀਂ ਲਗਾਉਣਾ ਚਾਹੁੰਦੀ ਸਗੋਂ ਆਪਣੇ ਉਨ੍ਹਾਂ ਮੁਲਾਜ਼ਮਾਂ ’ਤੇ ਵੀ ਪਾਬੰਦੀ ਲਗਾਉਣਾ ਚਾਹੁੰਦੀ ਹੈ ਜੋ ਸਰਕਾਰ ਦੇ ਖਿਲਾਫ ਸੜਕਾਂ ’ਤੇ ਉਤਰੇ ਹੋਏ ਹਨ। ਉਨ੍ਹਾਂ ਕਿਹਾ ਕਿ ਸਪਸ਼ਟ ਹੈ ਕਿ ਸਰਕਾਰ ਇਸਦੀਆਂ ਤਾਨਾਸ਼ਾਹੀ ਨੀਤੀਆਂ ਦੇ ਖਿਲਾਫ ਉਠੇ ਲੋਕ ਰੋਹ ਨੂੰ ਹੋਰ ਭੜਕਣ ਤੋਂ ਰੋਕਣਾ ਚਾਹੁੰਦੀ ਹੈ।
'ਜਦੋਂ ਸਭ ਕੁੱਝ ਖੁਲ੍ਹ ਰਿਹੈ ਪੰਜਾਬ ਸਰਕਾਰ ਕਰ ਰਹੀ ਕਰਫ਼ਿਊ'
ਡਾ. ਚੀਮਾ ਨੇ ਬਿਨਾਂ ਵਿਗਿਆਨਕ ਆਧਾਰ ’ਤੇ ਲੌਕਡਾਊਨ ਲਗਾਉਣ ’ਤੇ ਮੁੱਖ ਮੰਤਰੀ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਤਾਂ ਪਹਿਲਾਂ ਹੀ ਲੋਕ ਆਰਥਿਕ ਤੌਰ ’ਤੇ ਤਬਾਹ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਮਿਉਂਸਪਲ ਚੋਣਾਂ ਕਰਵਾਉਣ ਦੀ ਆਗਿਆ ਦੇ ਦਿੱਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਤਾਂ ਉਸ ਵੇਲੇ ਪੰਜਾਬ ਸਰਕਾਰ ਨੇ ਰਾਤ ਵੇਲੇ ਕਰਫਿਊ ਲਗਾਉਣ ਦਾ ਐਲਾਨ ਕਰ ਦਿੱਤਾ ਅਤੇ ਵਿਆਹਾਂ ਤੇ ਪਾਰਟੀਆਂ ਸਮੇਤ ਜਨਤਕ ਤੇ ਪ੍ਰਾਈਵੇਟ ਸਮਾਗਮਾਂ ਵਿਚ ਲੋਕਾਂ ਦੇ ਇਕੱਠੇ ਹੋਣ ’ਤੇ ਰੋਕ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਇਸ ਨਾਲ ਵਪਾਰੀਆਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ ਤੇ ਸੂਬੇ ਤੋਂ ਪੈਸਾ ਗੁਆਂਢੀ ਰਾਜਾਂ ਵਿੱਚ ਜਾਣ ਲੱਗ ਪਿਆ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਇਥੇ ਇਹ ਸਾਰੀਆਂ ਗਤੀਵਿਧੀਆਂ ਬਿਨਾਂ ਰੁਕਾਵਟ ਜਾਰੀ ਰੱਖੀਆਂ ਹੋਈਆਂ ਹਨ।
ਅਕਾਲੀ ਆਗੂ ਨੇ ਕਿਹਾ ਕਿ ਬਜਾਏ ਹਫੜਾ-ਦਫੜੀ ਵਿੱਚ ਫੈਸਲਾ ਲੈਣ ਦੇ, ਸਰਕਾਰ ਨੂੰ ਹਸਪਤਾਲਾਂ ਵਿੱਚ ਤੀਜੇ ਪੱਧਰ ਦੀ ਸਿਹਤ ਸੰਭਾਲ ਵਿੱਚ ਸੁਧਾਰ ਵੱਲ ਅਤੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਨਾਲੋਂ ਨਾਲ ਵੈਕਸੀਨ ਮੁਹਿੰਮ ਵੀ ਤੇਜ਼ੀ ਨਾਲ ਚਲਾਉਣੀ ਚਾਹੀਦੀ ਹੈ।