ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ 30 ਨਵੰਬਰ 2020 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ‘ਪ੍ਰੀਮੀਅਰ ਹੋਰਾਸਿਸ ਏਸ਼ੀਆ ਮੀਟਿੰਗ 2020’ ਵਿੱਚ ਪੰਜਾਬ ਸਰਕਾਰ ਦੀ ਨੁਮਾਇੰਦਗੀ ਕੀਤੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ 21 ਵੀਂ ਸਦੀ ਦੌਰਾਨ ਏਸ਼ੀਆ ਦਾ ਬੋਲਬਾਲਾ ਹੈ ਅਤੇ ਅਸੀਂ ਆਰਥਿਕ ਵਿਕਾਸ ਤੇ ਜ਼ਿੰਦਗੀ ਦੇ ਕਈ ਪਹਿਲੂਆਂ ਵਿੱਚ ਵਿਸ਼ਵ ਦੀ ਅਗਵਾਈ ਕਰ ਸਕਦੇ ਹਾਂ।
ਹੋਰਾਸਿਸ ਇੱਕ ਅੰਤਰਰਾਸ਼ਟਰੀ ਸੰਸਥਾ ਹੈ, ਜੋ ਵਧੀਆ ਭਵਿੱਖ ਦੇ ਉਦੇਸ਼ਾਂ ਨੂੰ ਅਮਲੀ ਰੂਪ ਦੇਣ ਲਈ ਵਚਨਬੱਧ ਹੈ। ‘ਹੋਰਾਸਿਸ ਏਸ਼ੀਆ ਮੀਟਿੰਗ 2020’ ਏਸ਼ੀਆ ਦੇ ਉੱਘੇ ਕਾਰੋਬਾਰੀਆਂ ਤੇ ਸਰਕਾਰੀ ਖੇਤਰ ਨਾਲ ਸਬੰਧਤ ਅਧਿਕਾਰੀਆਂ ਦਾ ਇੱਕ ਅਜਿਹਾ ਸਮੂਹ ਹੈ, ਜਿਸ ਦਾ ਉਦੇਸ਼ ਮੌਜੂਦਾ ਸੰਕਟ ਨਾਲ ਨਜਿੱਠਣ ਤੇ ਏਸ਼ੀਆ ਦੇ ਕੋਵਿਡ ਤੋਂ ਬਾਅਦ ਦੇ ਭਵਿੱਖ ਲਈ ਇੱਕ ਟਿਕਾਊ ਆਰਥਿਕ ਪ੍ਰਣਾਲੀ ਤਿਆਰ ਕਰਨ ਲਈ ਸਾਂਝੇ ਤੌਰ `ਤੇ ਹੱਲ ਵਿਕਸਿਤ ਕਰਨਾ ਹੈ। ਇਸ ਸਮਾਰੋਹ ਵਿਚ ਏਸ਼ੀਆ ਦੇ ਲਗਭਗ 400 ਚੋਟੀ ਦੇ ਕਾਰੋਬਾਰੀਆਂ ਅਤੇ ਰਾਜਨੀਤਿਕ ਆਗੂਆਂ ਨੇ ਸ਼ਿਕਰਤ ਕੀਤੀ।
‘ਏਸ਼ੀਆ-ਅਨੇਕਤਾ 'ਚ ਏਕਤਾ ’ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਸੁਰੇਸ਼ ਕੁਮਾਰ ਨੇ ਏਸ਼ੀਆ ਵਿੱਚ ਪ੍ਰਸ਼ਾਸਨ ਅਤੇ ਉਪਜੀਵਕਾ ਦੇ ਵੱਖ-ਵੱਖ ਤਰੀਕਿਆਂ ਬਾਰੇ ਗੱਲ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਏਸ਼ੀਆ ਵਿਸ਼ਵ ਦੇ ਅਰਥਚਾਰੇ ‘ਤੇ ਹਾਵੀ ਹੋਵੇਗਾ।
ਕੋਵਿਡ-19 ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਮਹਾਂਮਾਰੀ ਨੇ ਸਾਡੀ ਆਰਥਿਕਤਾ ਦੇ ਸਾਰੇ ਖੇਤਰਾਂ ਤੇ ਸਾਡੇ ਜੀਵਨ ਦੇ ਸਾਰੇ ਪਹਿਲੂਆਂ ਨੂੰ ਪ੍ਰਭਾਵਤ ਕੀਤਾ ਹੈ। ਇਹ ਬੇਹਦ ਤਸੱਲੀ ਵਾਲੀ ਗੱਲ ਹੈ ਕਿ ਏਸ਼ੀਆ ਮਹਾਂਮਾਰੀ ਨੂੰ ਠੱਲ੍ਹ ਪਾਉਣ ਵਿੱਚ ਕਾਮਯਾਬ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਦੇ ਜੀਵਨ ਅਤੇ ਗਰੀਬਾਂ ਦੀ ਰੋਜ਼ੀ-ਰੋਟੀ ਦੀ ਰੱਖਿਆ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਇਹ ਵੀ ਵਿਚਾਰਿਆ ਜਾਵੇ ਕਿ ਏਸ਼ੀਆ ਦੇ ਵਿਭਿੰਨ ਦੇਸ਼ ਮਨੁੱਖੀ ਸ਼ਕਤੀ, ਟੈਕਨਾਲੋਜੀ ਅਤੇ ਮਾਰਕਿਟ ਵਿੱਚ ਸਹਿਯੋਗ ਕਿਵੇਂ ਸਥਾਪਤ ਕਰਨ ਤਾਂ ਜੋ ਕੋਵਿਡ-19 ਤੋਂ ਬਾਅਦ ਸਮੁੱਚੀ ਮਾਨਵਤਾ ਨੂੰ ਮੁੜ ਲੀਹਾਂ ‘ਤੇ ਲਿਆਉਣ ਨੂੰ ਯਕੀਨੀ ਬਣਾਇਆ ਜਾ ਸਕੇ।
ਪੈਨਲਿਸਟਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਸੁਰੇਸ਼ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਏਸ਼ੀਆ ਦੇ ਵਿਭਿੰਨ ਦੇਸ਼ਾਂ ਵਿਚਾਲੇ ਗੱਲਬਾਤ, ਸਹਿਯੋਗ ਅਤੇ ਭਾਈਵਾਲ ਕਾਰਵਾਈ ਹੀ ਇਸ ਖੇਤਰ ਵਿਚ ਟਿਕਾਊ ਸਮਾਜਿਕ-ਆਰਥਿਕ ਵਿਕਾਸ ਦਾ ਧੁਰਾ ਹੈ।