ਚੰਡੀਗੜ੍ਹ: ਕੋਰੋਨਾ ਦੇ ਦਿਨ-ਬ-ਦਿਨ ਵੱਧਦੇ ਮਾਮਲਿਆਂ ਨੂੰ ਵੇਖਦਿਆਂ ਹੋਇਆਂ ਯੂਨਿਕ ਸੋਸਾਇਟੀ ਆਫ਼ ਆਰਟਿਸਟ ਦੇ ਕੁਝ ਕਲਾਕਾਰਾਂ ਨੇ ਇੱਕ ਨਵੀਂ ਪਹਿਲ ਕੀਤੀ ਹੈ, ਉਹ ਮਾਸਕ 'ਤੇ ਪੇਂਟਿੰਗ ਬਣਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰ ਰਹੇ ਹਨ ਤੇ ਦੱਸ ਰਹੇ ਹਨ ਕਿ ਇਸ ਤੋਂ ਕਿਵੇਂ ਬਚਿਆ ਜਾ ਸਕੇ।
ਉੱਥੇ ਹੀ ਦੂਜੇ ਕਲਾਕਾਰ ਬਸੰਤ ਕੁਮਾਰ ਨੇ ਕਿਹਾ ਕਿ ਇਕ ਆਰਟਿਸਟ ਦੇ ਕੋਲ ਉਸ ਦੀ ਕਲਾ ਹੀ ਹੁੰਦੀ ਹੈ ਲੋਕਾਂ ਤੱਕ ਸੁਨੇਹਾ ਪਹੁੰਚਾਉਣ ਦੇ ਲਈ। ਬਸੰਤ ਨੇ ਕਿਹਾ ਕਿ ਜਿਹੜਾ ਮਾਸਕ ਤਿਆਰ ਕੀਤਾ ਗਿਆ ਹੈ, ਉਸ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇੱਕ ਪਰਿਵਾਰ ਕਿਵੇਂ ਕੋਰੋਨਾ ਦੀ ਜੰਗ ਜਿੱਤ ਸਕਦਾ ਹੈ।
ਪੇਸ਼ੇ ਵਜੋਂ ਅਧਿਆਪਕ ਤੇ ਕਲਾਕਾਰ ਸੀਤਾ ਦਾ ਕਹਿਣਾ ਹੈ ਕਿ ਪੁਰਾਣੇ ਸੂਤੀ ਦੇ ਸੂਟ ਤੋਂ ਹੀ ਉਨ੍ਹਾਂ ਨੇ ਇਹ ਮਾਸਕ ਬਣਾਇਆ ਹੈ, ਜਿਸ ਵਿੱਚ ਇੱਕ ਮੁੰਡਾ ਖਿੜਕੀ ਤੋਂ ਬਾਹਰ ਵੇਖ ਰਿਹਾ ਹੈ ਤੇ ਨੇੜੇ-ਤੇੜੇ ਫੁੱਲ ਲੱਗੇ ਹੋਏ ਹਨ। ਉਨ੍ਹਾਂ ਨੇ ਆਪਣੀ ਪੇਂਟਿੰਗ ਜ਼ਰੀਏ ਮਾਸਕ 'ਤੇ ਕੁਦਰਤ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਹੀ ਦਿਖਾਇਆ ਹੈ ਕਿ ਬੱਚਿਆਂ ਤੇ ਬਜ਼ੁਰਗਾਂ ਨੇ ਮਹਾਂਮਾਰੀ ਦੌਰਾਨ ਆਪਣਾ ਖਿਆਲ ਕਿਵੇਂ ਰੱਖਣਾ ਹੈ।
ਇੱਥੇ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਵਿੱਚ ਕੋਰੋਨਾ ਦੇ 200 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਪ੍ਰਸ਼ਾਸਨ ਤੇ ਸਰਕਾਰ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਸਬੰਧੀ ਕਈ ਉਪਰਾਲੇ ਵੀ ਕਰ ਰਹੀ ਹੈ। ਇਸ ਦੇ ਨਾਲ ਹੀ ਅਜਿਹੀ ਸੰਸਥਾਵਾਂ ਤੇ ਹੋਰ ਲੋਕ ਵੀ ਕੋਰੋਨਾ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣਾ ਯੋਗਦਾਨ ਪਾ ਰਹੇ ਹਨ।