ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤੇ ਗਏ ਹਨ। ਕੇਂਦਰੀ ਕਾਨੂੰਨਾਂ ਵਿਰੁੱਧ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ। ਪੰਜਾਬ ਵਿਧਾਨ ਸਭਾ ਵਿੱਚ ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਨੇ ਇਨ੍ਹਾਂ ਬਿੱਲਾਂ ਦੀ ਹਮਾਇਤ ਕੀਤੀ ਅਤੇ ਵਿਧਾਨ ਸਭਾ 'ਚ ਹਾਜ਼ਰ ਵਿਧਾਇਕਾਂ ਨੇ ਸਰਬਸੰਮਤੀ ਨਾਲ ਪਾਸ ਕੀਤੇ।
ਰਾਜਪਾਲ ਨੂੰ ਮਿਲਿਆ ਵਫਦ
ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਵਿਧਾਇਕ ਰਾਜਪਾਲ ਨੂੰ ਮਿਲੇ ਹਨ। ਇਸ ਵਫਦ ਵਿੱਚ ਕਾਂਗਰਸ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਅਤੇ ਲੋਕ ਇਨਸਾਫ਼ ਪਾਰਟੀ ਦੇ ਆਗੂ ਵੀ ਸ਼ਾਮਲ ਸਨ।
ਇਸ ਵਫਦ ਨੇ ਵਿਧਾਨ ਸਭਾ ਵਲੋਂ ਪਾਸ ਕੀਤੇ ਬਿੱਲਾਂ ਨੰ ਰਾਜਪਾਲ ਨੂੰ ਦਸਤਖ਼ਤਾਂ ਲਈ ਦਿੱਤੇ ਹਨ। ਇਸੇ ਨਾਲ ਵਫਦ ਨੇ ਰਾਜਪਾਲ ਨੂੰ ਇਨ੍ਹਾਂ ਬਿੱਲਾਂ 'ਤੇ ਜਲਦ ਦਸਤਖ਼ਤ ਕਰਨ ਦੀ ਅਪੀਲ ਕੀਤੀ ਹੈ।
ਕੱਲ ਤੱਕ ਉੱਠਿਆ ਸਦਨ
ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਕੱਲ ਭਾਵ 21 ਅਕਤੂਬਰ ਸਵੇਰ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਇਜਲਾਸ ਸਿਰਫ਼ ਦੋ ਦਿਨਾਂ ਦਾ ਸੀ, ਹੁਣ ਸਰਕਾਰ ਨੇ ਇਸ ਦੇ ਵਿੱਚ ਇੱਕ ਹੋਰ ਦਿਨ ਦਾ ਵਾਧਾ ਵੀ ਕੀਤਾ ਹੈ।