ਚੰਡੀਗੜ੍ਹ: ਸੂਬੇ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ 5 ਹੋਰ ਮਾਮਲੇ ਸਾਹਮਣੇ ਆਏ ਜਿਸ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 76 ਹੋ ਗਈ ਹੈ। ਇਸ ਘਾਤਕ ਵਾਇਰਸ ਕਾਰਨ ਪੰਜਾਬ 'ਚ 8 ਲੋਕ ਆਪਣੀ ਜਾਨ ਵੀ ਗੁਆ ਚੁੱਕੇ ਹਨ। ਅੱਜ ਅਮ੍ਰਿਤਸਰ ਵਿੱਚ ਇਸ ਮਹਾਮਾਰੀ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਹੈ।
ਰੂਪਨਗਰ 'ਚ 2 ਹੋਰ ਮਾਮਲੇ ਸਾਹਮਣੇ
ਜ਼ਿਲ੍ਹੇ ਦੇ ਪਿੰਡ ਚਤਾਮਲੀ ਦੀ ਸਰਪੰਚ ਅਤੇ ਉਸ ਦੇ ਬੇਟੇ ਦਾ ਕੋਰੋਨਾ ਵਾਇਰਸ ਟੈਸਟ ਪੌਜ਼ੀਟਿਵ ਪਾਇਆ ਗਿਆ ਹੈ। ਇਹ ਦੋਵੇਂ ਮਾਂ-ਪੁੱਤਰ ਰੂਪਨਗਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹਨ।
ਫ਼ਤਿਹਗੜ੍ਹ ਦੇ ਖਮਾਣੋਂ 'ਚ 2 ਪੌਜ਼ੀਟਿਵ ਮਾਮਲੇ
ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਖਮਾਣੋਂ ਵਿੱਚ ਕੋਰੋਨਾ ਵਾਇਰਸ ਦੇ 2 ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਕਪੂਰਥਲਾ ਵਿੱਚ 1 ਪੌਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਤਿੰਨੇ ਵਿਅਕਤੀ ਤਬਲੀਗੀ ਜਮਾਤ ਨਾਲ ਸਬੰਧਤ ਹਨ।
ਜਾਣਕਾਰੀ ਮੁਤਾਬਕ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਤੋਂ ਤਬਲੀਗੀ ਜਮਾਤ ਦੇ 32 ਲੋਕ ਆਏ ਸਨ, ਜਿਨ੍ਹਾਂ ਵਿੱਚੋਂ ਬਲਾਕ ਖਮਾਣੋਂ ਦੇ 11 ਵਿਅਕਤੀਆਂ ਵਿੱਚੋਂ 2 ਵਿਅਕਤੀ ਪੌਜ਼ੀਟਿਵ ਪਾਏ ਗਏ ਹਨ। ਪੌਜ਼ੀਟਿਵ ਆਏ ਮਰੀਜ਼ਾਂ ਨੂੰ ਪ੍ਰਸ਼ਾਸਨ ਵੱਲੋਂ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿੱਚ ਆਇਸੋਲੇਸ਼ਨ 'ਚ ਰੱਖਿਆ ਗਿਆ ਹੈ।
ਦੱਸ ਦਈਏ ਕਿ ਨਿਜ਼ਾਮੂਦੀਨ ਤੋਂ ਆਏ ਸਾਰੇ 32 ਜਮਾਤੀਆਂ ਨੂੰ ਸਾਵਧਾਨੀ ਦੇ ਤੌਰ 'ਤੇ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਕੁਆਰੰਟੀਨ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਦਿੱਲੀ ਦੇ ਨਿਜ਼ਾਮੂਦੀਨ ਵਿੱਚ ਜਮਾਤ ਵਿੱਚ ਹਿੱਸਾ ਲੈ ਕੇ ਆਏ ਕਪੂਰਥਲਾ ਦੇ ਪਿੰਡ ਕੋਟ ਕਰਾਰ ਖਾਂ ਦੇ ਇੱਕ ਮੁੰਡੇ ਦਾ ਟੈਸਟ ਪੌਜ਼ੀਟਿਵ ਆਇਆ ਹੈ ਜਿਸ ਦੀ ਪੁਸ਼ਟੀ ਬੀਐਸ ਸਿੰਧੂ ਸਪੈਸ਼ਲ ਚੀਫ ਸੈਕਟਰੀ ਨੇ ਆਪਣੇ ਟਵੀਟਰ ਅਕਾਊਂਟ 'ਤੇ ਕੀਤੀ ਹੈ। ਮਰੀਜ਼ ਦੀ ਉਮਰ 17 ਸਾਲ ਦੀ ਹੈ।