ਚੰਡੀਗੜ੍ਹ: ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 16 ਅਪ੍ਰੈਲ ਨੂੰ ਇੱਕ ਮਹਿਨਾ ਪੂਰਾ ਹੋ ਗਿਆ ਹੈ। ਇਸਦੇ ਨਾਲ ਹੀ ਸੀਐੱਮ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ (300 units free electricity in punjab) ਕੀਤਾ ਗਿਆ ਹੈ। 1 ਜੁਲਾਈ ਤੋਂ ਪੰਜਾਬੀਆਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ।
ਸੀਐੱਮ ਮਾਨ ਨੇ ਐਲਾਨ ਕਰਦੇ ਹੋਏ ਕਿਹਾ ਕਿ ਇੱਕ ਮਹੀਨੇ ਚ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਇੱਕ ਬਿੱਲ ’ਚ 600 ਯੂਨਿਟ ਬਿਜਲੀ ਮੁਫਤ ਮਿਲੇਗੀ। ਬਿਜਲੀ ਦੇ ਫ੍ਰੀ ਹੋਣ ਨਾਲ ਹਰ ਇੱਕ ਪਰਿਵਾਰ ਦੀ ਬਚਤ ਹੋਵੇਗੀ। ਜਿਹੜੀ ਬਚਤ ਹੋਵੇਗੀ ਉਹ ਲੋਕ ਆਪਣੇ ਬੱਚਿਆ ਦੀ ਪੜਾਈ ਜਾਂ ਹੋਰ ਕੰਮਾਂ ’ਤੇ ਖਰਚ ਸਕਣਗੇ।
ਹਰ ਵਰਗ ਨੂੰ ਮਿਲੇਗੀ ਮੁਫ਼ਤ ਬਿਜਲੀ: ਸੀਐੱਮ ਭਗਵੰਤ ਮਾਨ ਨੇ ਐਲਾਨ ਕਰਦਿਆ ਕਿਹਾ ਕਿ ਹਰ ਇੱਕ ਵਰਗ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਖਜਾਨੇ ਚ ਕੋਈ ਘਾਟਾ ਨਹੀਂ ਹੈ ਬਸ ਨੀਅਤ ਸਾਫ ਹੋਣੀ ਚਾਹੀਦੀ ਹੈ। ਸੀਐੱਮ ਮਾਨ ਨੇ ਕਿਹਾ ਕਿ ਖਜਾਨਾ ਵੀ ਭਰਾਂਗੇ ਅਤੇ ਲੋਕਾਂ ਦਾ ਇਸ ਚ ਜੋ ਵੀ ਹਿੱਸਾ ਉਹ ਵੀ ਮੋੜਾਂਗੇ।
ਖੇਤੀਬਾੜੀ ਲਈ ਮੁਫ਼ਤ ਬਿਜਲੀ ਜਾਰੀ: ਸੀਐੱਮ ਮਾਨ ਨੇ ਅੱਗੇ ਕਿਹਾ ਕਿ ਖੇਤੀਬਾੜੀ ਲਈ ਕਿਸਾਨਾਂ ਨੂੰ ਮੁਫ਼ਤ ਬਿਜਲੀ ਜਾਰੀ ਰਹੇਗੀ। ਜਦਕਿ ਵਪਾਰਕ ਅਤੇ ਉਦਯੋਗਿਕ ਬਿਜਲੀ ਦੇ ਰੇਟਾਂ ਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਹੈ।
ਮਾਨ ਸਰਕਾਰ ਨੂੰ ਇੱਕ ਮਹੀਨਾ ਪੂਰਾ: ਦੱਸ ਦਈਏ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ ਇਸਦੇ ਨਾਲ ਹੀ ਸੀਐੱਮ ਭਗਵੰਤ ਮਾਨ ਨੇ ਪੰਜਾਬੀਆਂ ਨਾਲ ਕੀਤਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸੀਐੱਮ ਭਗਵੰਤ ਮਾਨ ਨੇ ਇੱਕ ਮਹੀਨੇ ਦੇ ਅੰਦਰ ਮਾਨ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਉੱਪਲਬਧੀਆਂ ਵੀ ਗਿਣਵਾਈਆਂ।
ਸੀਐੱਮ ਮਾਨ ਨੇ ਵੰਡੇ ਨਿਯੁਕਤੀ ਪੱਤਰ: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ। ਨਾਲ ਹੀ ਉਨ੍ਹਾਂ ਨੂੰ ਇਮਾਨਦਾਰੀ ਦੇ ਨਾਲ ਕੰਮ ਕਰਨ ਦੀ ਵੀ ਗੱਲ ਆਖੀ।
ਵੱਖ-ਵੱਖ ਸ਼੍ਰੇਣੀਆਂ ਨੂੰ ਪਹਿਲਾਂ ਹੀ ਮਿਲ ਰਹੀ ਸਬਸਿਡੀ: ਕਾਬਿਲੇਗੌਰ ਹੈ ਕਿ ਪੰਜਾਬ ਚ ਪਹਿਲਾਂ ਹੀ ਵੱਖ ਵੱਖ ਸ਼੍ਰੇਣੀਆਂ ਜਿਵੇਂ ਐਸਸੀ, ਬੀਸੀ ਅਤੇ ਬੀਪੀਐੱਲ ਪਰਿਵਾਰਾਂ ਨੂੰ ਸਰਕਾਰ ਵੱਲੋਂ ਸਬਸਿਡੀ ਪ੍ਰਦਾਨ ਕੀਤਾ ਜਾ ਰਹੀ ਹੈ। ਜੋ ਕਿ 3,998 ਦੇ ਕਰੀਬ ਹੈ ਉੱਥੇ ਹੀ ਇਸ ਐਲਾਨ ਤੋਂ ਬਾਅਦ ਪ੍ਰਤੀ ਸਾਲ ਕੁਲ ਸਬਸਿਡੀ ਦਾ ਭਾਰ 5,500 ਕਰੋੜ ਰੁਪਏ ਤੱਕ ਹੋ ਜਾਵੇਗਾ।
ਪਾਵਰਕਾਮ ’ਤੇ ਪਵੇਗਾ ਭਾਰ: ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਸਭ ਤੋਂ ਜਿਆਦਾ ਭਾਰ ਪਾਵਰਕਾਮ ’ਤੇ ਪਵੇਗਾ। ਜੀ ਹਾਂ ਮਾਹਰਾਂ ਦਾ ਕਹਿਣਾ ਹੈ ਕਿ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਨਾਲ ਖਰਚਾ 23,300 ਕਰੋੜ ਰੁਪਏ ਹੋ ਰਿਹਾ ਹੈ ਜਦਕਿ ਬਜਟ ਘਾਟਾ ਹੀ ਸਿਰਫ 24,000 ਕਰੋੜ ਰੁਪਏ ਸਲਾਨਾ ਹੈ। ਜਿਸ ਕਾਰਨ ਪਾਵਰਕਾਮ ’ਤੇ 14 ਹਜ਼ਾਰ ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।
ਖਜਾਨੇ ’ਤੇ ਪਵੇਗਾ ਭਾਰ: ਪੰਜਾਬ ਵਿੱਚ ਖੇਤੀ ਖੇਤਰ ਵਿੱਚ ਪਹਿਲਾਂ ਹੀ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਹੁਣ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ, ਜਿਸ ਨਾਲ ਸਰਕਾਰੀ ਖਜ਼ਾਨੇ ’ਤੇ 300 ਕਰੋੜ ਰੁਪਏ ਦਾ ਵਾਧੂ ਬੋਝ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜੋ: ਨੌਜਵਾਨ ਨੇ ਕੀਤਾ ਵੱਡਾ ਐਲਾਨ, ਸਰਕਾਰੀ ਖਜ਼ਾਨੇ ’ਚ ਹਰ ਸਾਲ ਭੇਜੇਗਾ 1 ਲੱਖ ਰੁਪਏ