ਬਠਿੰਡਾ: ਵਿਧਾਨ ਸਭਾ ਚੋਣਾਂ ਨੇੜੇ ਆਉਣ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਬਠਿੰਡਾ ਪਹੁੰਚੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 2007 ਤਕ ਬਿਜਲੀ ਸੰਕਟ ਨਾਲ ਜੂਝ ਰਹੇ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ 2009 ਵਿੱਚ ਸਰਪਲੱਸ ਸੂਬਾ ਬਣਾਇਆ। 2017 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਾਣ ਤੋਂ ਬਾਅਦ ਕਿ ਕਾਂਗਰਸ ਸਰਕਾਰ ਨੇ ਪੰਜਾਬ ਸੂਬੇ ਵਿੱਚ ਇੱਕ ਮੈਗਾਵਾਟ ਵੀ ਬਿਜਲੀ ਵਧਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜੋ: ETV ਭਾਰਤ ਦੀ ਖਬਰ ਦਾ ਅਸਰ ! 'ਆਪ' ਨੂੰ ਮੁੜ ਯਾਦ ਆਇਆ ਨਸ਼ੇ ਦਾ ਮੁੱਦਾ
ਉਹਨਾਂ ਨੇ ਕਿਹਾ ਕਿ ਬਿਜਲੀ ਸਰਪਲੱਸ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਕਾਂਗਰਸ ਸਰਕਾਰ ਨੇ ਪਹਿਲ ਦੇ ਆਧਾਰ ’ਤੇ ਬੰਦ ਕੀਤਾ। ਚੱਲੇ ਆ ਰਹੇ ਥਰਮਲ ਪਲਾਂਟਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਬੰਦ ਪਏ ਪਲਾਂਟਾਂ ਨੂੰ ਚਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਜਿਸ ਕਾਰਨ ਅੱਜ ਸੂਬਾ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸਬਸਿਡੀ ਦੇ 50 ਹਜ਼ਾਰ ਕਰੋੜ ਰੁਪਏ ਪੀਐਸਪੀਸੀਐਲ ਨੂੰ ਹਾਲੇ ਤੱਕ ਨਹੀਂ ਦਿੱਤੇ। 44 ਵਿਭਾਗਾਂ ਦੇ ਕਰੋੜਾਂ ਰੁਪਏ ਦੇ ਬਿੱਲ ਹਾਲੇ ਤੱਕ ਪੰਜਾਬ ਸਰਕਾਰ ਨੇ ਨਹੀਂ ਭਰੇ। 8-8, 9-9 ਲੱਖ ਰੁਪਏ ਦੇ ਬਿਜਲੀ ਦੇ ਬਿਲ ਇਨ੍ਹਾਂ ਦੇ ਵਿਧਾਇਕਾਂ ਦੇ ਪਏ ਹਨ।
ਕੈਪਟਨ ਅਮਰਿੰਦਰ ਸਿੰਘ ਖੁਦ ਤਾਂ ਏਸੀ ਦੀ ਠੰਢੀ ਹਵਾ ਲੈ ਰਹੇ ਹਨ, ਪਰ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਸੂਬੇ ਨੂੰ ਬਿਜਲੀ ਸੰਕਟ ਵਿੱਚੋਂ ਉਭਾਰਨ ਦੀ ਥਾਂ ਪੀਪੀਏ ਐਗਰੀਮੈਂਟਸ ਦਾ ਰੌਲਾ ਫ਼ਜ਼ੂਲ ਵਿੱਚ ਪਾ ਰਹੀ ਹੈ।
ਕਿਸਾਨਾਂ ਵੱਲੋਂ ਸੰਸਦ ਦੇ ਘਿਰਾਓ ਉੱਤੇ ਬੋਲਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹੁਣ ਤੱਕ 500 ਦੇ ਕਰੀਬ ਕਿਸਾਨ ਇਸ ਅੰਦੋਲਨ ਵਿੱਚ ਸ਼ਹੀਦੀ ਪਾ ਚੁੱਕੇ ਹਨ, ਪਰ ਕੇਂਦਰ ਦੀ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ ਅਜਿਹੀ ਸਰਕਾਰ ਤੋਂ ਲੋਕਾਂ ਨੇ ਹੋਰ ਕੀ ਉਮੀਦ ਲਾਉਣੀ ਹੈ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਪੰਜਾਬ ਵਿੱਚ ਨਸ਼ਾ ਪ੍ਰਫੁੱਲਤ ਹੋਇਆ ਹੁਣ ਤੱਕ ਕਰੀਬ 1300 ਨੌਜਵਾਨਾਂ ਦੀ ਨਸ਼ੇ ਕਾਰਨ ਜਾਨ ਗਈ, ਪਰ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਸਗੋਂ ਕਾਂਗਰਸੀਆਂ ਕੋਲੋਂ 700 ਕਰੋੜ ਰੁਪਏ ਦੀ ਹੈਰੋਇਨ ਫੜੀ ਜਾਂਦੀ ਹੈ। ਸਰਕਾਰ ਖੁਦ ਨਸ਼ਾ ਵੇਚ ਰਹੀ ਹੈ, ਹੋਮ ਡਿਲਿਵਰੀ ਕਰ ਰਹੀ ਹੈ, ਨਾਜਾਇਜ਼ ਸ਼ਰਾਬ ਫੈਕਟਰੀਆਂ ਦੀ ਪੰਜਾਬ ਵਿੱਚ ਭਰਮਾਰ ਹੈ।