ਬਠਿੰਡਾ: ਪੰਜਾਬੀ ਜੋ ਆਪਣੀ ਮਿਹਨਤ ਨਾਲ ਦੁਨੀਆਂ ਵਿੱਚ ਜਾਣੇ ਜਾਂਦੇ ਹਨ, ਭਾਵੇਂ ਉਹ ਕਿਸੇ ਵੀ ਦਸ਼ਾ ਦਿਸ਼ਾ ਵਿਚ ਹੋਣ ਪੰਜਾਬੀਆਂ ਦੀ ਆਪਣੀ ਮਿਹਨਤ ਨਾਲ ਇੱਕ ਵੱਖਰਾ ਮੁਕਾਮ ਹਾਸਲ ਕਰਨ ਦੀ ਰਵਾਇਤ ਚੱਲੀ ਆ ਰਹੀ ਹੈ। ਅਜਿਹੀ ਹੀ ਇੱਕ ਮਿਸਾਲ ਮੋਗਾ ਜ਼ਿਲ੍ਹੇ ਦੇ ਪਿੰਡ ਮਾਣੂੰਕੇ ਦਾ ਰਹਿਣ ਵਾਲਾ ਹਰਕੇਸ਼ ਸਿੰਘ ਹੈ, ਜੋ ਅੱਜਕੱਲ੍ਹ ਆਪਣੀ ਮਿਹਨਤ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੈ।
ਇਹ ਵੀ ਪੜੋ: ਵਿਧਾਨ ਸਭਾ ’ਚ ਹੰਗਾਮਾ: ਦਿੱਲੀ ਏਅਰਪੋਰਟ ਤੱਕ ਸਰਕਾਰੀ ਬੱਸਾਂ ਚਲਾਉਣ ’ਤੇ ਵਿਰੋਧੀਆਂ ਨੇ ਘੇਰੀ 'ਆਪ' ਸਰਕਾਰ
ਫੌੜੀ ਸਹਾਰੇ ਖੇਤਾਂ ਚ ਲਾ ਰਿਹਾ ਹੈ ਝੋਨਾ: ਦੱਸ ਦਈਏ ਇੱਕ ਲੱਤ ਤੋਂ ਅਪਾਹਜ ਫੌੜੀ ਸਹਾਰੇ ਖੇਤਾਂ ਵਿੱਚ ਝੋਨਾ ਲਾ ਰਹੇ ਹਰਕੇਸ਼ ਸਿੰਘ ਆਪਣੇ ਪਰਿਵਾਰ ਦਾ ਸਹਾਰਾ ਬਣਿਆ ਹੋਇਆ ਹੈ, ਘਰ ਵਿੱਚ ਅੱਤ ਦੀ ਗ਼ਰੀਬੀ ਕਾਰਨ ਮਹਿਜ਼ ਪੰਜ ਕਲਾਸਾਂ ਤੱਕ ਪੜ੍ਹੇ ਹਰਕੇਸ਼ ਸਿੰਘ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਛੋਟੇ ਹੁੰਦਿਆਂ ਗਲਤ ਇੰਜੈਕਸ਼ਨ ਲੱਗਣ ਕਾਰਨ ਉਸ ਦੀ ਇੱਕ ਲੱਤ ਖੜ੍ਹ ਗਈ ਸੀ ਜਿਸ ਕਾਰਨ ਉਹ ਅਪਾਹਜ ਹੋ ਗਿਆ, ਪਰ ਉਸ ਨੇ ਮਿਹਨਤ ਨਹੀਂ ਛੱਡੀ ਆਪਣੇ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਫੌੜੀ ਦਾ ਸਹਾਰਾ ਲੈ ਕੇ ਉਸ ਵੱਲੋਂ ਖੇਤਾਂ ਵਿੱਚ ਝੋਨਾ ਲਗਾਇਆ ਜਾਣ ਲੱਗਿਆ।
ਮੰਗਣ ਨਾਲੋਂ ਮਿਹਨਤ ਵਿੱਚ ਰੱਖਦਾ ਹੈ ਵਿਸਵਾਸ਼ ਪਿੰਡ ਮਾਣੂੰਕੇ ਦਾ ਨੌਜਵਾਨ: ਹਰਕੇਸ਼ ਨੂੰ ਭਾਵੇਂ ਦੂਸਰੇ ਲੋਕਾਂ ਨਾਲੋਂ ਦਿਹਾੜੀ ਘੱਟ ਮਿਲਦੀ ਸੀ, ਮਹਿਜ਼ 200 ਰੁਪਏ ਦਿਹਾੜੀ ਹੀ ਝੋਨਾ ਲਗਾਉਣ ਦੀ ਦਿੱਤੀ ਜਾਂਦੀ ਸੀ, ਪਰ ਉਸ ਵੱਲੋਂ ਮੰਗ ਕੇ ਖਾਣ ਨਾਲੋਂ ਮਿਹਨਤ ਕਰਨ ਨੂੰ ਪਹਿਲ ਦਿੱਤੀ ਗਈ। ਹਰਕੇਸ਼ ਸਿੰਘ ਨੇ ਦੱਸਿਆ ਕਿ ਅੱਤ ਦੀ ਗ਼ਰੀਬੀ ਅਤੇ ਇਕ ਲੱਤ ਤੋਂ ਅਪਾਹਜ ਹੋਣ ਕਾਰਨ ਉਸ ਵੱਲੋਂ ਸਰਕਾਰ ਤੋਂ ਵਾਰ-ਵਾਰ ਪੈਨਸ਼ਨ ਦੀ ਮੰਗ ਵੀ ਕੀਤੀ ਜਾਂਦੀ ਰਹੀ, ਪਰ ਸਰਕਾਰ ਵੱਲੋਂ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਅਤੇ ਉਹ ਵਾਰ ਵਾਰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰ ਮਾਰ ਹੰਭ ਜਾਣ ਤੋਂ ਬਾਅਦ ਮਿਹਨਤ ਮਜ਼ਦੂਰੀ ਕਰਨ ਲੱਗਿਆ ਅਤੇ ਅੱਜ ਉਹ ਖੇਤਾਂ ਵਿੱਚ ਝੋਨਾ ਲਗਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ।
ਅਪਾਹਜ ਨੌਜਵਾਨ ਬੇਰੁਜ਼ਗਾਰ ਨੌਜਵਾਨਾਂ ਲਈ ਬਣਿਆ ਮਿਸਾਲ: ਹਰਕੇਸ਼ ਸਿੰਘ ਪ੍ਰਮਾਤਮਾ ਤੇ ਗਿਲਾ ਜ਼ਰੂਰ ਕਰਦਾ ਹੈ ਜੇ ਉਸ ਨਾਲ ਅਜਿਹਾ ਕਿਉਂ ਕੀਤਾ, ਪਰ ਕਿਤੇ ਨਾ ਕਿਤੇ ਆਪਣੇ ਦ੍ਰਿੜ੍ਹ ਹੌਸਲੇ ਕਾਰਨ ਅੱਜ ਲੋਕਾਂ ਲਈ ਮਿਸਾਲ ਬਣਿਆ ਹੈ ਜੋ ਜ਼ਿੰਦਗੀ ਦੀ ਜੰਗ ਹਾਰੇ ਬੈਠੇ ਹਨ।
ਗਾਇਕ ਬੱਬੂ ਮਾਨ ਨੇ ਕੀਤਾ ਐਲਾਨ: ਪਿਛਲੇ ਦਿਨੀਂ ਪੰਜਾਬ ਦੇ ਮਸ਼ਹੂਰ ਸਿੰਗਰ ਬੱਬੂ ਮਾਨ ਵੱਲੋਂ ਹਰਕੇਸ਼ ਸਿੰਘ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਕੇ ਜਿੱਥੇ ਉਸ ਦੀ ਤਾਰੀਫ਼ ਕੀਤੀ ਗਈ ਉੱਥੇ ਹੀ ਇਸ ਨੌਜਵਾਨ ਦੀ ਆਰਥਿਕ ਤੌਰ ‘ਤੇ ਮਦਦ ਕਰਨ ਦਾ ਐਲਾਨ ਕੀਤਾ ਗਿਆ। ਹਰਕੇਸ਼ ਸਿੰਘ ਨੇ ਕਿਹਾ ਕਿ ਜੇਕਰ ਉਸ ਦੀ ਮਾਲੀ ਮਦਾਦ ਹੁੰਦੀ ਹੈ ਤਾਂ ਉਸ ਵੱਲੋਂ ਕੋਈ ਬੈਠ ਕੇ ਕਰਨ ਵਾਲਾ ਰੁਜ਼ਗਾਰ ਤੋਰਿਆ ਜਾਵੇਗਾ ਤਾਂ ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ। ਹਰਕੇਸ਼ ਸਿੰਘ ਨੇ ਨੌਜਵਾਨ ਅਪੀਲ ਕੀਤੀ ਕਿ ਮਿਹਨਤ ਕਰੋ ਮਿਹਨਤ ਦਾ ਫਲ ਇੱਕ ਦਿਨ ਜ਼ਰੂਰ ਮਿਲਦਾ ਹੈ ਨਸ਼ਿਆਂ ਦਾ ਰਾਹ ਛੱਡ ਕੇ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਦੇ ਭਵਿੱਖ ਬਾਰੇ ਸੋਚੋ ਪਰਮਾਤਮਾ ਇੱਕ ਦਿਨ ਤੁਹਾਡੀ ਬਾਂਹ ਜ਼ਰੂਰ ਫੜੇਗਾ।
ਇਹ ਵੀ ਪੜੋ: ਸਿੱਧੂ ਮੂਸੇਵਾਲਾ ਕਤਲ ਮਾਮਲਾ: ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਤਿਹਾੜ ਤੋਂ ਪੰਜਾਬ ਲੈ ਕੇ ਆ ਰਹੀ ਹੈ ਪੁਲਿਸ