ਬਠਿੰਡਾ: ਸੱਤਾ ਚੋਂ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਖਜ਼ਾਨਾ ਭਰਨ ਅਤੇ ਪੰਜਾਬ ਨੂੰ ਕਰਜ਼ ਮੁਕਤ ਕਰਨ ਦੀ ਗੱਲ ਆਖੀ ਗਈ ਸੀ, ਹੁਣ ਸੱਤਾ ਹਾਸਿਲ ਕਰਨ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਰਜ਼ੇ ਦੇ ਬੋਝ ਥੱਲੇ ਦੱਬੇ ਪੰਜਾਬ ਨੂੰ ਆਮ ਆਦਮੀ ਪਾਰਟੀ ਕਿੰਝ ਬਾਹਰ ਕੱਢੇਗੀ। ਜਿਵੇਂ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਵੀ ਖਜ਼ਾਨਾ ਖਾਲੀ ਦਾ ਰਾਗ ਅਲਾਪਦੀਆਂ ਰਹੀਆਂ ਹਨ, ਉਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸੇ ਰਾਹ ਤੇ ਸੀ ਕਿ ਪਿਛਲੀ ਸਰਕਾਰ ਨੇ ਖਜ਼ਾਨਾ ਖਾਲੀ ਕਰਕੇ ਚਾਰਜ ਦਿੱਤਾ।
ਦੂਜੇ ਪਾਸੇ ਬਠਿੰਡਾ ਤਾਂ ਖਜ਼ਾਨਾ ਖਾਲੀ ਦੇ ਨਾਂ ਤੋਂ ਕਾਫੀ ਮਸ਼ਹੂਰ ਹੋਇਆ। ਉੱਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੂੰ ਖਜ਼ਾਨਾ ਖਾਲੀ ਕਰਨ ਦੇ ਨਾਂ ਤੇ ਘੇਰਨ ਵਾਲੇ ਸੀਐੱਮ ਭਗਵੰਤ ਮਾਨ ਦੇ ਖਰਚਿਆਂ ਨੂੰ ਲੈ ਕੇ ਆਰਟੀਆਈ ਐਕਟੀਵਿਸਟ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ। ਜਿਸ ਤੋਂ ਸਾਫ ਹੋ ਰਿਹਾ ਹੈ ਕਿ ਖਜ਼ਾਨਾ ਖਾਲੀ ਨਹੀਂ ਸਗੋਂ ਭਰ ਕੇ ਡੁੱਲ ਰਿਹਾ ਹੈ।
ਆਰਟੀਆਈ ਐਕਟੀਵਿਸਟ ਸੰਜੀਵ ਕੁਮਾਰ ਨੇ ਦੱਸਿਆ ਕਿ ਸੀਐੱਮ ਭਗਵੰਤ ਮਾਨ ਨੇ ਆਪਣੇ ਸਹੁੰ ਚੁੱਕ ਸਮਾਗਮ ਸਮੇਂ ਡੇਢ ਕਰੋੜ ਤੋਂ ਵੀ ਜਿਆਦਾ ਖਰਚਾ ਕਰ ਦਿੱਤਾ ਸੀ। ਜਿਸ ਚ ਸਿਰਫ ਦੋ ਦਿਨਾਂ ਦੇ ਹਵਾਈ ਝੂਟਿਆਂ ’ਤੇ ਹੀ 73 ਲੱਖ ਰੁਪਏ ਖਰਚ ਦਿੱਤੇ ਜਦਕਿ ਇੰਨ੍ਹਾਂ ਹੀ ਖਰਚੇ ਸਮਾਗਮ ਦੇ ਬਾਕੀ ਇੰਤਜ਼ਾਮਾਂ ਤੇ ਵੀ ਹੋਏ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦਾ ਨਿੱਜੀ ਹੈਲੀਕਾਪਟਰ ਛੱਡ ਕੇ ਮਹਿੰਗੇ ਭਾਅ ਦਾ ਏਅਰਕ੍ਰਾਫਟ ਕਿਰਾਏ ’ਤੇ ਲਿਆ ਜਾ ਰਿਹਾ ਹੈ। ਜਿਥੇ ਹੈਲੀਕਾਪਟਰ ਦਾ ਮਹੀਨੇ ਦਾ ਖਰਚਾ 8 ਤੋ 10 ਲੱਖ ਰੁਪਏ ਹੈ। ਉੱਥੇ ਏਅਰਕ੍ਰਾਫਟ ‘ਤੇ ਦੋ ਦਿਨਾਂ ਵਿਚ ਹੀ 10 ਗੁਣਾ ਖਰਚਾ ਕੀਤਾ ਜਾ ਰਿਹਾ ਹੈ। ਜੋ ਕਿ ਖਜ਼ਾਨੇ ਤੇ ਵਾਧੂ ਭਾਰ ਪਾਇਆ ਜਾ ਰਿਹਾ ਹੈ।
ਬੇਸ਼ਕ ਆਮ ਆਦਮੀ ਪਾਰਟੀ ਦੇ ਆਗੂ ਕਹਿੰਦੇ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਵੀਆਈਪੀ ਕਲਚਰ ਖਤਮ ਕੀਤਾ ਜਾਵੇਗਾ, ਵਾਧੂ ਦਿੱਤੀਆਂ ਸਕਿਊਰਿਟੀਆਂ ਵਾਪਸ ਲਈਆਂ ਜਾਣਗੀਆਂ। ਪਰ ਇਸ ਪਿੱਛੇ ਦੀ ਅਸਲ ਸੱਚਾਈ ਹੁਣ ਸਾਹਮਣੇ ਆ ਰਹੀ ਹੈ। ਆਰਟੀਆਈ ਐਕਟੀਵਿਸਟ ਵੱਲੋਂ ਕੀਤੇ ਗਿਆ ਇਹ ਵੱਡਾ ਖੁਲਾਸਾ ਮਾਨ ਸਰਕਾਰ ’ਤੇ ਵੱਡੇ ਸਵਾਲ ਖੜੇ ਕਰ ਰਿਹਾ ਹੈ।
ਇਹ ਵੀ ਪੜੋ: ਸੰਗਰੂਰ ਜ਼ਿਮਨੀ ਚੋਣ ਲਈ ਭਲਕੇ ਹੋਵੇਗੀ ਵੋਟਿੰਗ, 26 ਨੂੰ ਨਤੀਜੇ, ਜਾਣੋ ਸੀਟ ਦਾ ਪੂਰਾ ਹਾਲ...