ਬਠਿੰਡਾ: ਮਿਊਂਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਲੈ ਕੇ ਸਿਆਸਤ ਇੱਕ ਵਾਰ ਫਿਰ ਮੁੜ ਤੋਂ ਗਰਮਾਉਣ ਲੱਗ ਪਈ ਹੈ, ਜਿਸ ਨੂੰ ਲੈ ਕੇ ਬਠਿੰਡਾ 'ਚ ਪਹੁੰਚੇ ਅਕਾਲੀ ਦਲ ਪਾਰਟੀ ਦੇ ਆਗੂ ਸਿਕੰਦਰ ਸਿੰਘ ਮਲੂਕਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਜੰਮ ਕੇ ਨਿਸ਼ਾਨੇ ਸਾਧੇ ਗਏ।
ਮਿਊਂਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਪਾਰਟੀ ਵੱਲੋਂ ਬਠਿੰਡਾ ਦੇ ਵਿੱਚ ਆਪਣੇ ਉਮੀਦਵਾਰ ਐਲਾਨੇ ਗਏ। ਇਸ ਵਿੱਚ ਸਿਕੰਦਰ ਸਿੰਘ ਮਲੂਕਾ ਨੇ ਚੋਣਾਂ ਨੂੰ ਲੈ ਕੇ ਇਤਰਾਜ਼ ਜਤਾਇਆ ਜਿਸ ਵਿੱਚ ਉਨ੍ਹਾਂ ਨੇ ਆਖਿਆ ਕਿ 14 ਫ਼ਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਨਤੀਜੇ ਤਿੰਨ ਦਿਨ ਬਾਅਦ ਐਲਾਨੇ ਜਾਣੇ ਹਨ, ਜੋ ਕਿ ਇਤਰਾਜ਼ਯੋਗ ਹਨ ਜਦੋਂ ਕਿ ਨਤੀਜੇ ਤੁਰੰਤ ਐਲਾਨ ਕੀਤੇ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਮਨਸ਼ਾ ਸਾਫ਼ ਨਜ਼ਰ ਨਹੀਂ ਆ ਰਹੀ, ਜਿਸ ਕਰਕੇ ਉਨ੍ਹਾਂ ਨੇ ਚੋਣਾਂ ਦੇ ਨਤੀਜੇ ਤਿੰਨ ਦਿਨ ਬਾਅਦ ਐਲਾਨਣ ਦੀ ਗੱਲ ਆਖੀ ਗਈ ਹੈ। ਇਸ ਕਰਕੇ ਉਹ ਚਾਹੁੰਦੇ ਹਨ ਕਿ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਸਮੇਂ ਵੀਡਿਓਗ੍ਰਾਫੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਜੇਕਰ ਮੌਜੂਦਾ ਸਰਕਾਰ ਵੀਡਿਓਗ੍ਰਾਫੀ ਨਹੀਂ ਕਰਵਾ ਸਕਦੀ ਤਾਂ ਅਕਾਲੀ ਦਲ ਪਾਰਟੀ ਆਪਣੇ ਪੈਸੇ ਅਤੇ ਇਸ ਨੂੰ ਲੈ ਕੇ ਵੀਡੀਓਗ੍ਰਾਫੀ ਕਰਵਾ ਸਕਦੀ ਹੈ ਜੇਕਰ ਉਹ ਇਜਾਜ਼ਤ ਦੇਣ।
ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਵੀ ਨਿਸ਼ਾਨੇ ਸਾਧਦਿਆਂ ਆਖਿਆ ਕਿ ਇੱਕ ਸਰਵੇਖਣ ਵਿੱਚ ਉੜੀਸਾ ਦੇ ਮੁੱਖ ਮੰਤਰੀ ਆਪਣੇ ਕੰਮ ਦੇ ਆਧਾਰ 'ਤੇ ਇੱਕ ਨੰਬਰ ਮੰਨੇ ਗਏ ਹਨ ਪਰ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸਭ ਤੋਂ ਘਟੀਆ ਸਾਬਿਤ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਮਾੜੀ ਪੰਜਾਬ ਦੇ ਲਈ ਕੀ ਸਥਿਤੀ ਹੋ ਸਕਦੀ ਹੈ।