ਅੰਮ੍ਰਿਤਸਰ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਪੈਣ ਤੋਂ ਬਾਅਦ ਜਿੱਥੇ ਫਿਲਹਾਲ ਨਤੀਜੇ ਆਉਣ ਤੋਂ ਪਹਿਲਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਸਖਤ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਹੀ ਜਾ ਰਹੀ ਹੈ, ਉੱਥੇ ਹੀ ਆਏ ਦਿਨ ਹੋ ਰਹੀਆਂ ਅਪਰਾਧਿਕ ਵਾਰਦਾਤਾਂ ਨਾਲ ਕਿਤੇ ਨਾ ਕਿਤੇ ਸੂਬੇ ਦੇ ਢਿੱਲੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ।
ਇਹ ਵੀ ਪੜੋ: ਬਦਮਾਸ਼ ਨੇ ਹਥਿਆਰਾਂ ਦੀ ਨੋਕ 'ਤੇ ਫਾਰਚੂਨਰ ਕਾਰ ਖੋਹੀ, ਸੀਸੀਟੀਵੀ ਆਈ ਸਾਹਮਣੇ
ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਬਾਅਦ ਦੁਪਹਿਰ ਪੰਜਾਬ ਨੈਸ਼ਨਲ ਬੈਂਕ ਬਾਬਾ ਬਕਾਲਾ ਸਾਹਿਬ (Punjab National Bank Baba Bakala Sahib) ਵਿੱਚ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਚਾਰ ਹਥਿਆਰਬੰਦ ਲੁਟੇਰਿਆਂ ਵੱਲੋਂ ਕਥਿਤ ਤੌਰ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੌਰਾਨ ਬੈਂਕ ਖਜਾਨਚੀ ਪਲਵਿੰਦਰ ਸਿੰਘ (ਫੌਜ ਵਿੱਚੋਂ ਸੇਵਾਮੁਕਤ) ਦੀ ਮੁਸਤੈਦੀ ਨਾਲ ਜਿੱਥੇ ਬੈਂਕ ਵਿੱਚ ਹੋਣ ਵਾਲੀ ਲੁੱਟ ਦੀ ਵਾਰਦਾਤ ਨੂੰ ਅਸਫਲ ਕੀਤਾ ਗਿਆ, ਉਥੇ ਨਾਲ ਹੀ ਲੋਕਾਂ ਦੀ ਮਦਦ ਨਾਲ ਇੱਕ ਲੁਟੇਰੇ ਨੂੰ ਕਾਬੂ ਵੀ ਕਰ ਲਿਆ ਗਿਆ, ਬੈਂਕ ਅਧਿਕਾਰੀ ਦੀ ਇਸ ਦਲੇਰੀ ਦੀ ਲੋਕਾਂ ਵਿੱਚ ਕਾਫੀ ਚਰਚਾ ਹੈ।
ਫਿਲਹਾਲ ਸੀਸੀਟੀਵੀ ਫੁਟੇਜ ਵਿੱਚ ਲੁੱਟ ਦੀ ਨਾਕਾਮ ਕੋਸ਼ਿਸ਼ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਹਾਲਾਂਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਟੀਮਾਂ ਵੀ ਤੁਰੰਤ ਮੌਕੇ ’ਤੇ ਪਹੁੰਚ ਗਈਆਂ।
ਇਸ ਸਬੰਧੀ ਬਾਬਾ ਬਕਾਲਾ ਸਾਹਿਬ ਦੇ ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਪਾਰਟੀ ਵਲੋਂ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਰਹਿੰਦੇ ਤਿੰਨ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਪਾਰਟੀਆਂ ਰੇਡ ਕਰ ਰਹੀਆਂ ਹਨ।
ਇਹ ਵੀ ਪੜੋ: ਬੱਚੀਆਂ ਨਾਲ ਜਿਨਸੀ ਸ਼ੋਸ਼ਣ ਕਰਨ ਵਾਲਾ ਪ੍ਰਿੰਸੀਪਲ ਗ੍ਰਿਫ਼ਤਾਰ
ਉਨ੍ਹਾਂ ਕਿਹਾ ਕਿ ਇਸ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਮੁੱਕਦਮਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।