ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਐੱਸਜੀਪੀਸੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਇਕ ਪੰਥਕ ਇਕੱਠ ਸੱਦਿਆ ਗਿਆ ਸੀ ਜਿਸ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਸ ਮੀਟਿੰਗ ਚ ਮੌਜੂਦ ਰਹੇ। ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੱਦੇ ਗਏ ਪੰਥਕ ਇਕੱਠ ਦੌਰਾਨ ਸਮੁੱਚੀਆਂ ਜਥੇਬੰਦੀਆਂ ਅਤੇ ਪੰਥ ਦਰਦੀਆਂ ਵੱਲੋਂ ਇਕਜੁਟਤਾ ਨਾਲ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਗਿਆ।
ਪੰਥਕ ਇੱਕਠ ਚ ਤਿੰਨ ਮਤੇ ਪਾਸ: ਦੱਸ ਦਈਏ ਕਿ ਇਕੱਤਰਤਾ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਤਿੰਨ ਅਹਿਮ ਮਤੇ ਪਾਸ ਕੀਤੇ ਗਏ, ਜਿਨ੍ਹਾਂ ਅਨੁਸਾਰ ਇਕ ਸਾਂਝੀ ਕਮੇਟੀ ਸਥਾਪਤ ਕਰਨ, ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਸਮੇਤ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਰਾਜਪਾਲਾਂ ਨੂੰ ਮਿਲਣ ਅਤੇ ਲੋੜ ਪੈਣ ’ਤੇ ਕਰੜਾ ਸੰਘਰਸ਼ ਵਿੱਢਣ ’ਤੇ ਸਹਿਮਤੀ ਪ੍ਰਗਟ ਕੀਤੀ ਗਈ।
'ਬੰਦੀ ਸਿੰਘਾ ਨੂੰ ਰਿਹਾਅ ਨਾ ਕਰਨਾ ਬਹੁਤ ਮੰਦਭਾਗੀ ਗੱਲ': ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਹਮੇਸ਼ਾਂ ਹੀ ਸਿੱਖ ਜਥੇਬੰਦੀਆਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਆਵਾਜ਼ ਚੁੱਕੀ ਜਾਂਦੀ ਰਹੀ ਹੈ, ਜਦੋਂ ਰਾਜੋਆਣਾ ਸਾਹਿਬ ਦੀ ਫਾਂਸੀ ਦੀ ਗੱਲ ਹੋਈ ਸੀ ਉਸ ਸਮੇਂ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਫਾਂਸੀ ਨੂੰ ਰੱਦ ਕਰਵਾਉਣ ਲਈ ਹਰ ਇਕ ਵਰਗ ਨੂੰ ਮਿਲਿਆ ਗਿਆ ਸੀ। ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ 27-27 ਸਾਲ ਹੋ ਚੁੱਕੇ ਹਨ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚ ਬੰਦ ਪਰ ਹਾਲੇ ਤੱਕ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਜੋ ਕਿ ਬਹੁਤ ਮੰਦਭਾਗੀ ਗੱਲ ਹੈ।
'ਸਾਰੇ ਸਿੱਖ ਜਥੇਬੰਦੀਆਂ ਦਾ ਧੰਨਵਾਦ': ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਜਿੰਨੀ ਦੇਰ ਤੱਕ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰਵਾ ਦਿੱਤਾ ਜਾਂਦਾ ਉਸ ਸਮੇਂ ਤੱਕ ਉਹ ਸ਼ਾਂਤ ਨਹੀਂ ਬੈਠਣਗੇ। ਉਨ੍ਹਾਂ ਨੇ ਕਿਹਾ ਕਿ ਜੋ ਮੀਟਿੰਗ ਇੱਕ ਝੰਡੇ ਥੱਲੇ ਹੋਈ ਹੈ, ਅਜਿਹਾ ਮਾਹੌਲ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ। ਉਨ੍ਹਾਂ ਨੇ ਸਾਰੇ ਸਿੱਖ ਜਥੇਬੰਦੀਆਂ ਦਾ ਧੰਨਵਾਦ ਵੀ ਕੀਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਸਾਰੇ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਇੱਕ ਹੀ ਹੋਣ।
'ਐਸਜੀਪੀਸੀ ਦੀ ਪੰਜ ਸਾਲ ਬਾਅਦ ਹੋਵੇ ਚੋਣ': ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਸਿੱਖ ਤੇਜਾ ਸਿੰਘ ਸਮੁੰਦਰੀ ਹਾਲ ਐੱਸਜੀਪੀਸੀ ਦਫ਼ਤਰ ਵਿੱਚ ਲਗਾਉਣ ਦੀ ਦੁਬਾਰਾ ਮੰਗ ਕੀਤੀ ਗਈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜ ਸਾਲ ਬਾਅਦ ਚੋਣ ਹੋਣੀ ਚਾਹੀਦੀ ਹੈ ਕਿਉਂਕਿ ਚੋਣ ਸਾਡੇ ਸਰੀਰ ਦੀ ਖੁਰਾਕ ਹੈ। ਮਾਨ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੇਕਰ ਹਿੰਦੂ ਸਾਨੂੰ ਆਪਣਾ ਇੱਕ ਅੰਗ ਨਹੀਂ ਸਮਝਦੇ ਤਾਂ ਸਾਨੂੰ ਵੱਖਰਾ ਹੋ ਜਾਣਾ ਚਾਹੀਦਾ ਹੈ।
'ਜ਼ੰਜੀਰਾਂ ਜਲਦ ਤੋਂ ਜਲਦ ਤੋੜਨੀਆਂ ਪੈਣਗੀਆਂ': ਨਾਲ ਉਨ੍ਹਾਂ ਨੇ ਤਲਖੀ ਭਰੇ ਅੰਦਾਜ਼ ਵਿੱਚ ਬੋਲਦੇ ਹੋਏ ਕਿਹਾ ਕਿ ਜੇਕਰ ਹਿੰਦੋਸਤਾਨ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਸਿੱਖ ਗੁਲਾਮ ਹਨ ਅਤੇ ਜੇਕਰ ਕਿਸੇ ਵੀ ਦੇਸ਼ ਦੀ ਗੱਲ ਕੀਤੀ ਜਾਵੇ ਉੱਥੇ ਵੀ ਸਿੱਖ ਗੁਲਾਮ ਨਜ਼ਰ ਆ ਰਿਹਾ ਹੈ ਜੋ ਕਿ ਸਾਡੀ ਸਭ ਤੋਂ ਵੱਡੀ ਮੁਸ਼ਕਿਲ ਵਾਲੀ ਗੱਲ ਹੈ ਅਤੇ ਸਾਨੂੰ ਇਹ ਜ਼ੰਜੀਰਾਂ ਜਲਦ ਤੋਂ ਜਲਦ ਤੋੜਨੀਆਂ ਪੈਣਗੀਆਂ ਨਹੀਂ ਤਾਂ ਅਸੀਂ ਭਵਿੱਖ ਵਿਚ ਵੀ ਗ਼ੁਲਾਮ ਹੀ ਰਹਾਂਗੇ।
'ਬਣਾਈ ਜਾਵੇਗੀ ਕਮੇਟੀ': ਇਸ ਦੌਰਾਨ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਲਦ ਹੀ ਇਕ ਕਮੇਟੀ ਗਠਿਤ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਣਾਈ ਜਾਣ ਵਾਲੀ ਕਮੇਟੀ ਵਿਚ ਸਾਰੀਆਂ ਧਿਰਾਂ ਦੇ ਮੈਂਬਰ ਸ਼ਾਮਲ ਹੋਣਗੇ। ਐਡਵੋਕੇਟ ਧਾਮੀ ਨੇ ਕਿਹਾ ਕਿ ਭਾਵੇਂ ਲੰਬੇ ਸਮੇਂ ਤੋਂ ਸਿੱਖ ਪੰਥ ਦੀਆਂ ਪ੍ਰਤੀਨਿਧ ਵੱਖ-ਵੱਖ ਜਥੇਬੰਦੀਆਂ ਅਤੇ ਪੰਥ ਦਰਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰ ਰਹੇ ਹਨ, ਪਰ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਾਂਝੇ ਰੂਪ ਵਿਚ ਯਤਨ ਅੱਗੇ ਵਧਾਏ ਜਾਣਗੇ।
'ਸਿੱਖਾਂ ਨਾਲ ਹਮੇਸ਼ਾ ਹੀ ਧੱਕਾ ਕੀਤਾ ਜਾਂਦਾ ਰਿਹਾ': ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਸਿੱਖਾਂ ਨਾਲ ਹਮੇਸ਼ਾ ਹੀ ਧੱਕਾ ਕੀਤਾ ਜਾਂਦਾ ਰਿਹਾ ਹੈ ਅਤੇ ਆਪਣੀਆਂ ਸਜ਼ਾਵਾਂ ਤੋਂ ਵੱਧ ਸਮਾਂ ਜੇਲ੍ਹਾਂ ਵਿਚ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਕੇ ਧੱਕੇ ਦੀ ਸਿਖਰ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਜੇਲ੍ਹਾਂ ਵਿਚ ਬੰਦ ਸਿੱਖ ਕੈਦੀ ਆਪਣੀ ਜਾਤੀ ਲੜਾਈ ਲਈ ਨਹੀਂ, ਸਗੋਂ ਕੌਮੀ ਯੁੱਧ ਕਾਰਨ ਜੇਲ੍ਹਾਂ ਵਿਚ ਬੰਦ ਹਨ। ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਨ੍ਹਾਂ ਸਿੰਘਾਂ ਵੱਲੋਂ ਲਿਆ ਗਿਆ ਫੈਸਲਾ ਸਿੱਖਾਂ ਦੇ ਗੁਰਧਾਮਾਂ ਅਤੇ ਕੌਮ ਦੀ ਅਣਖ ’ਤੇ ਕੀਤੇ ਗਏ ਹਮਲਿਆਂ ਵਿੱਚੋਂ ਨਿਕਲਿਆ ਸੀ, ਇਸ ਲਈ ਬਿਨਾਂ ਸ਼ਰਤ ਬੰਦੀ ਸਿੰਘ ਤੁਰੰਤ ਰਿਹਾਅ ਕੀਤੇ ਜਾਣ।
ਇਹ ਵੀ ਪੜੋ: ਜ਼ਮੀਨ ਕੁਰਕੀ ਦਾ ਫਰਮਾਨ, ਕਿਸਾਨ ਪਰਿਵਾਰ ਦੇ ਹੱਕ ‘ਚ ਉੱਤਰੀ ਕਿਸਾਨ ਜਥੇਬੰਦੀ