ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਸਾਰੰਗਦੇਵ ਵਿੱਚ ਆਪਣੇ ਪੁੱਤਰ ਨੂੰ ਪਾਲ ਕੇ ਵੱਡਾ ਕਰਨ ਵਾਲੀ ਮਾਤਾ ਨੂੰ ਉਸ ਦੇ ਹੀ ਪੁੱਤਰ ਨੇ ਜ਼ਮੀਨ ਦੇ ਲਾਲਚ 'ਚ ਮਾਰਨ ਦੀ ਕੋਸ਼ਿਸ਼ ਕੀਤੀ। ਮਾਂ ਪ੍ਰਕਾਸ਼ ਕੌਰ ਨੇ ਆਪਣੇ ਪੁੱਤਰ 'ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਰਾਤ 11 ਵਜੇ ਦੇ ਕਰੀਬ ਮੇਰਾ ਪੁੱਤਰ ਉਸ ਦੀ ਘਰਵਾਲੀ ਤੇ ਉਸ ਦੇ ਸਾਲੇ ਨੇ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਨੇ ਮੌਕੇ 'ਤੇ ਭੱਜ ਕੇ ਆਪਣੀ ਜਾਣ ਬਚਾਈ।
ਮਾਂ ਪ੍ਰਕਾਸ਼ ਕੌਰ ਨੇ ਕਿਹਾ ਕਿ ਉਸ ਨੂੰ ਪਹਿਲਾਂ ਤਾਂ ਵਿਸ਼ਵਾਸ ਹੀ ਨਹੀਂ ਹੋਇਆ ਕਿ ਉਸ ਦਾ ਪੁੱਤਰ ਅਜਿਹਾ ਕੁਝ ਕਰ ਸਕਦਾ ਹੈ ਪਰ ਜਦੋਂ ਉਨ੍ਹਾਂ ਆਡੀਓ ਵੇਖੀ ਤਾਂ ਉਹ ਸਭ ਦੇਖ ਕੇ ਉਹ ਹੈਰਾਨ ਰਹਿ ਗਈ। ਪੀੜਤ ਮਾਂ ਪ੍ਰਕਾਸ਼ ਕੌਰ ਨੇ ਪੁਲਿਸ ਤੋਂ ਅਪੀਲ ਕੀਤੀ ਹੈ ਕਿ ਉਸ ਦਾ ਕਤਲ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਫੜ੍ਹਿਆ ਜਾਵੇ, ਜਦੋਂ ਤੱਕ ਉਹ ਸਾਰੇ ਬਾਹਰ ਹਨ ਉਸ ਨੂੰ ਆਪਣੀ ਜਾਨ ਦਾ ਖ਼ਤਰਾ ਹੈ।
ਇਸ ਸਬੰਧੀ ਪੁਲਿਸ ਅਧਿਕਾਰੀ ਰਵਿੰਦਰਪਾਲ ਸਿੰਘ ਨੇ ਦੱਸਿਆ ਕੀ ਪ੍ਰਕਾਸ਼ ਕੌਰ ਨਾਂਅ ਦੀ ਔਰਤ ਨੂੰ ਉਸ ਦੇ ਮੁੰਡੇ ਨੇ ਆਪਣੇ ਸਾਥੀਆਂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਪ੍ਰਕਾਸ਼ ਕੌਰ ਨੇ ਲੁਕ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਇੱਕ ਆਡੀਓ ਸਾਹਮਣੇ ਆਈ ਜਿਸ ਵਿੱਚ ਹਰਦੇਵ ਸਿੰਘ ਆਪਣੀ ਹੀ ਮਾਂ ਨੂੰ ਮਾਰਨ ਦੀ ਪਲਾਨਿੰਗ ਕਰ ਰਿਹਾ ਸੀ। ਇਸ ਤੋਂ ਬਾਅਦ ਉਸਦੇ ਪੁੱਤਰ ਹਰਦੇਵ ਸਿੰਘ, ਉਸਦੀ ਪਤਨੀ ਸਹਿਤ 6 ਹੋਰ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।