ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਅੰਮ੍ਰਿਤਸਰ ਪੁੱਜਣ ਉਤੇ ਸਿੱਖ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਗੁਰਦੁਆਰਾ ਨਾਨਕ ਪਿਆਓ ਦਿੱਲੀ ਤੋਂ ਚੱਲ ਕੇ ਆਇਆ ਇਹ ਨਗਰ ਕੀਰਤਨ ਪਾਕਿਸਤਾਨ ਦੀ ਧਰਤੀ 'ਤੇ ਸ੍ਰੀ ਨਨਕਾਣਾ ਸਾਹਿਬ ਲਈ ਜਾ ਰਿਹਾ ਹੈ।
ਗੋਲਡਨ ਗੇਟ ਵਿਖੇ ਪੁੱਜਣ ਉੱਤੇ ਬਾਬਾ ਜਗਤਾਰ ਸਿੰਘ ਕਾਰ ਸੇਵਾ, ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲੇ, ਬੀਬੀ ਨਵਜੋਤ ਕੌਰ ਸਿੱਧੂ, ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਫੁੱਲ ਮਲਾਵਾਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਇਹ ਨਗਰ ਕੀਰਤਨ ਸਵੇਰੇ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਹੁੰਦਾ ਹੋਇਆ ਸ਼ਾਮ ਤਰਨਤਾਰਨ ਰੋਡ ਤੋ ਮਾਨਾਵਾਂਲਾ 'ਤੇ ਦੁਬਰਜੀ ਠਹਿਰਾਓ ਕਰਨ ਤੋਂ ਬਾਅਦ ਸ਼ਾਮ ਕਰੀਬ ਗੋਲਡਨ ਗੇਟ ਪੁੱਜਾ ਹੈ।
ਅੰਮ੍ਰਿਤਸਰ ਦੇ ਮੰਤਰੀ ਸਾਹਿਬਾਨ, ਮੇਅਰ, ਵਿਧਾਇਕ, ਕੌਂਸਲਰ ਅਤੇ ਹੋਰ ਪਤਵੰਤੇ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਮੌਜੂਦ ਸਨ। ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਵਿਖੇ ਰਾਤ ਠਹਿਰਣ ਮਗਰੋਂ ਸਵੇਰੇ 7 ਵਜੇ ਅਟਾਰੀ ਸਰਹੱਦ ਲਈ ਰਵਾਨਾ ਹੋਵੇਗਾ। ਕੌਮਾਂਤਰੀ ਸਰਹੱਦ 'ਤੇ ਨਗਰ ਕੀਰਤਨ ਨੂੰ ਭਾਰਤ ਤੋਂ ਸ਼ਾਨਦਾਰ ਵਿਦਾਈ ਦਿੱਤੀ ਜਾਵੇਗੀ।