ਬਰਨਾਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਅੱਜ ਚੋਣ (new president of the Shiromani Gurdwara Parbandhak Committee) ਹੋ ਜਾ ਰਹੀ ਹੈ। ਸ਼੍ਰੋਮਣੀ ਕਮੇਟ ਦੀ ਮੈਂਬਰਾਂ ਨੇ ਪ੍ਰਧਾਨ, ਮੀਤ ਪ੍ਰਧਾਨ ਸਮੇਤ ਸਾਰੇ ਅਹੁਦੇਦਾਰਾਂ ਦੀ ਚੋਣ ਕਰਨ ਦੇ ਹੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੇ ਹਨ। ਦੱਸ ਦਈਏ ਕਿ ਇਸ ਚੋਣ ਵਿੱਚ ਐਸਜੀਪੀਸੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਨ ਮੀਤ ਪ੍ਰਧਾਨ, ਜਨਰਲ ਸਕੱਤਰ ਸਮੇਤ 11 ਮੈਂਬਰੀ ਐਗਜੈਕਟਿਵ ਕਮੇਟੀ ਦੀ ਚੋਣ ਹੋਣੀ ਹੈ।
ਇਹਨਾਂ ਸਿਰ ਸਜ ਸਕਦੈ ਤਾਜ
ਬੀਤੇ ਦਿਨ ਇਸ ਸਬੰਧੀ ਇੱਕ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਨੇ ਕੀਤੀ। ਇਸ ਦੌਰਾਨ ਬੀਬੀ ਜਗੀਰ ਕੌਰ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਤੇ ਬੀਬੀ ਜਗੀਰ ਕੌਰ ਨੂੰ ਦੁਆਬੇ ਦੀ ਸੇਵਾ ਵੀ ਸੌਂਪੀ ਗਈ। ਉਥੇ ਹੀ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਮੁੜ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ।
ਉਥੇ ਹੀ ਚਰਚਾ ਇਹ ਵੀ ਹੈ ਇਸ ਵਾਰ ਕਮੇਟੀ ਦੀ ਪ੍ਰਧਾਨਗੀ ਦਾ ਤਾਜ਼ ਬਰਨਾਲਾ ਜ਼ਿਲ੍ਹੇ ਦੇ ਐਸਜੀਪੀਸੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਦੇ ਸਿਰ ਸਜਣ ਦੇ ਆਸਾਰ ਹਨ। ਸੰਤ ਘੁੰਨਸ ਪਿੰਡ ਚੰਨਣਵਾਲ ਦੇ ਐਸਜੀਪੀਸੀ ਦੇ ਰਾਖਵੇਂ ਹਲਕੇ ਤੋਂ ਮੈਂਬਰ ਹਨ।
ਦੱਸ ਦਈਏ ਕਿ ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਐਸਸੀ ਵਰਗ ਦੀ ਵੋਟ ਨੂੰ ਮੁੱਖ ਰੱਖਦਿਆਂ ਹਰ ਪਾਰਟੀ ਐਸਸੀ ਚਿਹਰਿਆਂ ਨੂੰ ਅੱਗੇ ਲਿਆ ਰਹੀ ਹੈ। ਕਾਂਗਰਸ ਪਾਰਟੀ ਵੱਲੋਂ ਅਨੁਸੂਚਿਤ ਜਾਤੀ ਨਾਲ ਸਬੰਧ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਜਿਸ ਕਰਕੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਸਜੀਪੀਸੀ ਦਾ ਪ੍ਰਧਾਨ ਵੀ ਅਨੂਸੂਚਿਤ ਜਾਤੀ ਨਾਲ ਸਬੰਧਤ ਬਣਾਇਆ ਜਾ ਸਕਦਾ ਹੈ। ਜਿਸ ਵਿੱਚੋਂ ਸੰਤ ਬਲਵੀਰ ਸਿੰਘ ਘੁੰਨਸ ਦਾ ਨਾਮ ਸਭ ਤੋਂ ਉਪਰ ਮੰਨਿਆ ਜਾ ਰਿਹਾ ਹੈ।
ਸੰਤ ਘੁੰਨਸ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਬਰਨਾਲਾ ਦੇ ਮਹਿਲ ਕਲਾਂ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਹਨ, ਪ੍ਰੰਤੂ ਇਹ ਹਲਕਾ ਗੱਠਜੋੜ ਹੋਣ ਕਰਕੇ ਬਸਪਾ ਦੇ ਹਿੱਸੇ ਚਲਾ ਗਿਆ, ਜਿਸ ਕਰਕੇ ਸੰਤ ਘੁੰਨਸ ਦੀ ਟਿਕਟ ਵੀ ਕੱਟੀ ਗਈ ਹੈ। ਇਸਤੋਂ ਇਲਾਵਾ ਸੰਗਰੂਰ-ਬਰਨਾਲਾ ਢੀਂਡਸਾ ਪਰਿਵਾਰ ਦਾ ਗੜ੍ਹ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਜ਼ਿਲ੍ਹਿਆਂ ਵਿੱਚ ਆਪਣਾ ਆਧਾਰ ਮਜਬੂਤ ਰੱਖਣ ਲਈ ਸੰਤ ਘੁੰਨਸ ਨੂੰ ਪ੍ਰਧਾਨ ਬਣਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਵਾਰ ਵੀ ਸੰਤ ਘੁੰਨਸ ਦਾ ਨਾਮ ਪ੍ਰਧਾਨਗੀ ਦੇ ਦਾਅਵੇਦਾਰਾਂ ਵਿੱਚ ਸਭ ਤੋਂ ਮੋਹਰੀ ਸੀ, ਪ੍ਰੰਤੂ ਬੀਬੀ ਜੰਗੀਰ ਕੌਰ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਇਸ ਵਾਰ ਬੀਬੀ ਜੰਗੀਰ ਕੌਰ ਦੇ ਹਲਕਾ ਭੁਲੱਥ ਤੋਂ ਵਿਧਾਨ ਸਭਾ ਚੋਣ ਲੜਨ ਕਰਕੇ ਵੀ ਸੰਤ ਘੁੰਨਸ ਦਾ ਨਾਮ ਪ੍ਰਧਾਨਗੀ ਦੀ ਲਿਸਟ ਵਿੱਚ ਸਭ ਤੋਂ ਅੱਗੇ ਹਨ। ਭਰੋਸਯੋਗ ਸੂਤਰਾਂ ਅਨੁਸਾਰ ਪਿਛਲੇ ਦਿਨੀਂ ਸੰਤ ਘੁੰਨਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਮਿਲੇ ਹਨ ਅਤੇ ਸੰਤ ਘੁੰਨਸ ਨੂੰ ਪ੍ਰਧਾਨ ਬਣਾਏ ਜਾਣ ਦਾ ਭਰੋਸਾ ਵੀ ਦਿੱਤਾ ਗਿਆ ਹੈ।