ਅੰਮ੍ਰਿਤਸਰ: ਸਾਲ 1992 ਚ ਅਗਵਾ ਹੋਏ ਸੁਰਜੀਤ ਸਿੰਘ ਦੇ ਮਾਮਲੇ ’ਚ ਤਿੰਨ ਪੁਲਿਸ ਅਧਿਕਾਰੀਆਂ ਨੂੰ ਸੀਬੀਆਈ ਦੀ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਉਂਦੇ ਹੋਏ ਸਜ਼ਾ ਸੁਣਾਈ ਗਈ ਹੈ। ਕੋਰਟ ਵੱਲੋਂ ਸੇਵਾਮੁਕਤ ਆਈਪੀਐਸ ਬਲਕਾਰ ਸਿੰਘ ਸਣੇ 3 ਪੁਲਿਸ ਅਧਿਕਾਰੀਆਂ ਨੂੰ 3-3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਇਹ ਮਾਮਲਾ 7 ਮਈ 1992 ਦਾ ਹੈ।
ਮਾਮਲੇ ਚ ਇਨ੍ਹਾਂ ਨੂੰ ਮਿਲੀ ਸਜ਼ਾ: ਦੱਸ ਦਈਏ ਕਿ ਸੀਬੀਆਈ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਤਿੰਨ ਪੁਲਿਸ ਅਧਿਕਾਰੀ ਸੇਵਾਮੁਕਤ ਆਈਪੀਐਸ ਅਧਿਕਾਰੀ ਬਲਕਾਰ ਸਿੰਘ, ਸਾਬਕਾ ਇੰਸਪੈਕਟਰ ਊਧਮ ਸਿੰਘ ਅਤੇ ਮੌਜੂਦਾ ਸਬ ਇੰਸਪੈਕਟਰ ਸਾਬ ਸਿੰਘ ਨੂੰ ਦੋਸ਼ੀ ਪਾਇਆ ਗਿਆ। ਜਿਨ੍ਹਾਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ।
30 ਸਾਲਾਂ ਚ ਕਾਫੀ ਕੁਝ ਸਹਿਣਾ ਪਿਆ: ਦੂਜੇ ਪਾਸੇ ਸੁਰਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਦਾ ਕਹਿਣਾ ਕਿ ਦੇਰ ਆਏ ਦੁਰਸਤ ਆਏ ਅੱਜ ਇਨ੍ਹਾਂ ਨੂੰ ਸਜਾ ਮਿਲਣ ਨਾਲ ਮਨ ਨੂੰ ਥੋੜੀ ਖੁਸ਼ੀ ਮਹਿਸੂਸ ਹੋਈ ਹੈ। ਪਰ ਬੀਤੇ 30 ਸਾਲਾਂ ਚ ਉਨ੍ਹਾਂ ਨੂੰ ਕਾਫੀ ਕੁਝ ਸਹਿਣ ਕਰਨਾ ਪਿਆ ਹੈ। ਉਨ੍ਹਾਂ ਨੇ ਆਪਣੇ ਬੱਚੇ ਬਹੁਤ ਔਖੇ ਪਾਲੇ ਹਨ। ਦੋ ਵਕਤ ਦੀ ਰੋਟੀ ਵੀ ਉਨ੍ਹਾਂ ਨੂੰ ਕਾਫੀ ਮੁਸ਼ਕਤ ਤੋਂ ਬਾਅਦ ਨਸੀਬ ਹੁੰਦੀ ਸੀ। ਸਰਕਾਰ ਵੱਲੋਂ ਕੋਈ ਵੀ ਮਾਲੀ ਸਹਾਇਤਾ ਨਹੀਂ ਕੀਤੀ ਗਈ।
ਅਸੀਂ ਨਹੀਂ ਹਾਂ ਸੰਤੁਸ਼ਟ: ਉਨ੍ਹਾਂ ਅੱਗੇ ਕਿਹਾ ਕਿ ਇੱਕ ਵਾਰ ਹਾਈਕੋਰਟ ਨੇ 1.50 ਲੱਖ ਰੁਪਏ ਦੀ ਆਰਥਿਕ ਮਦਦ ਕੀਤੀ ਸੀ। ਪਰ ਇਹ ਕਾਫੀ ਨਹੀਂ ਹੈ। ਉਹ ਅਦਾਲਤ ਵੱਲੋਂ ਦਿੱਤੀ ਸਜ਼ਾ ਤੋਂ ਸੰਤੁਸ਼ਟ ਨਹੀਂ ਹਨ। ਉਹ ਹੁਣ ਉੱਚ ਅਦਾਲਤ ਚ ਜਾਣਗੇ ਅਤੇ ਸਜ਼ਾ ਨੂੰ ਵਧਾਉਣ ਅਤੇ ਪਰਿਵਾਰ ਨੂੰ ਆਰਥਿਕ ਮਦਦ ਦੇਣ ਦੀ ਅਪੀਲ ਕਰਨਗੇ।
ਇਹ ਸੀ ਮਾਮਲਾ: ਕਾਬਿਲੇਗੌਰ ਹੈ ਕਿ ਸੁਰਜੀਤ ਸਿੰਘ, ਜੋ 1992 ਵਿੱਚ ਲਾਪਤਾ ਹੋਇਆ ਸੀ, ਪੁਲਿਸ ’ਤੇ ਇਲਜ਼ਾਮ ਲੱਗੇ ਸੀ ਕਿ ਪੁਲਿਸ ਉਸ ਨੂੰ ਅਗਵਾ ਕਰਕੇ ਲੈ ਗਈ ਅਤੇ ਉਸਦਾ ਕਤਲ ਕਰ ਦਿੱਤਾ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਕਿ ਸੁਰਜੀਤ ਸਿੰਘ ਉਨ੍ਹਾਂ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਪਰਮਜੀਤ ਕੌਰ ਨੇ 1996 ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਹਾਈਕੋਰਟ ਨੇ ਮਾਮਲਾ ਸੀਬੀਆਈ ਦੀ ਜਾਂਚ ਲਈ ਭੇਜਿਆ ਸੀ। ਦੂਜੇ ਪਾਸੇ ਜਾਂਚ ਤੋਂ ਬਾਅਦ 9 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਸੀਬੀਆਈ ਕੋਰਟ ਨੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਗਈ।
ਇਹ ਵੀ ਪੜੋ: ਪਿਸਤੌਲ ਦੀ ਨੋਕ ‘ਤੇ ਪੈਟਰੋਲ ਪੰਪ ਤੋਂ ਲੁੱਟੇ ਹਜ਼ਾਰਾਂ ਰੁਪਏ, ਦੇਖੋ ਸੀਸੀਟੀਵੀ