ਅੰਮ੍ਰਿਤਸਰ: ਅੱਜ ਸੰਯੁਕਤ ਮੋਰਚਾ (ਗੈਰ ਰਾਜਨੀਤਕ) ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਅਤੇ ਹੋਰ ਆਗੂਆਂ ਦੀ ਅਗਵਾਈ ਵਿੱਚ ਨਿੱਜਰਪੁਰਾ ਟੋਲ ਪਲਾਜ਼ਾ ਮਾਨਾਂਵਾਲਾ ਅੰਮ੍ਰਿਤਸਰ ਦਿੱਲੀ ਸੜਕ ਦਾ ਮਾਰਗ ਜਾਮ ਕੀਤਾ ਗਿਆ। ਇਸ ਵਿੱਚ ਕਿਸਾਨਾਂ ਅਤੇ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਬੇਮੌਸਮੇ ਮੀਂਹ ਕਾਰਨ ਝੋਨੇ, ਸਬਜ਼ੀਆਂ ਅਤੇ ਹਰੇ ਚਾਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ, ਪਰ ਸਰਕਾਰ ਦੇ ਕੰਨ ਤਕ ਅੱਜ ਤਕ ਕੋਈ ਜੂੰ ਨਹੀਂ ਸਰਕੀ, ਨਾ ਕੋਈ ਗਿਰਦਾਵਰੀ ਅਤੇ ਨਾ ਹੀ ਕੋਈ ਕਿਸੇ ਕਿਸਾਨ ਮੁਆਵਜ਼ਾ ਦਿੱਤਾ ਗਿਆ ਹੈ।
ਉਨ੍ਹਾਂ ਨੇ ਮੰਗ ਕੀਤੀ ਕਿ ਲੰਪੀ ਸਕਿਨ ਨਾਲ ਪਸ਼ੂ ਧਨ ਦਾ ਹੋਏ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ, ਅਤੇ ਪਿਛਲੇ ਦਿਨਾਂ ਦੌਰਾਨ ਭਾਰਤ ਅਤੇ ਪੰਜਾਬ ਦਿੱਲੀ ਸਰਕਾਰਾ ਵੱਲੋਂ 2500 ਰੁਪਏ ਦੀ ਪਰਾਲੀ ਦੀ ਸਾਂਭ ਸੰਭਾਲ ਵਾਲੀ ਪ੍ਰਪੋਜ਼ਲ ਰੱਦ ਕਰਕੇ ਪੰਜਾਬ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਪਰਚੇ ਦਰਜ ਕੀਤੇ ਜਾਣਗੇ, ਪਰ ਜਥੇਬੰਦੀ ਇਸ ਦਾ ਡਟ ਕੇ ਵਿਰੋਧ ਕਰੇਗੀ।
ਇਸ ਮੌਕੇ ਕਿਸਾਨ ਆਗੂਆਂ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਈਆਂ ਜਾਣਗੀਆਂ। ਜਿਵੇਂ ਬਿਜਲੀ ਬੋਰਡ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਜਾਣ ਤੋਂ ਬਚਾਇਆ ਜਾਵੇਗਾ, ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਗੰਨੇ ਦਾ ਬਕਾਇਆ ਵਿਆਜ ਸਮੇਤ ਕਿਸਾਨਾਂ ਦੇ ਖਾਤਿਆਂ ਵਿੱਚ ਜਾਰੀ ਕੀਤਾ ਜਾਵੇ ਅਤੇ ਗੰਨੇ ਦਾ ਨਵਾਂ ਰੇਟ ਖ਼ਰਚਿਆਂ ਮੁਤਾਬਕ ਤੈਅ ਕਰਕੇ ਐਲਾਨ ਕੀਤਾ ਜਾਵੇ ਅਤੇ ਬੰਦ ਪਈਆਂ ਮਿੱਲਾਂ ਨੂੰ ਦੁਬਾਰਾ ਚਾਲੂ ਕੀਤਾ ਜਾਵੇ।
ਇਸ ਤੋਂ ਇਲਾਵਾ, ਉਨ੍ਹਾਂ ਨੇ ਮੰਗ ਕੀਤੀ ਕਿ ਕਿਸਾਨੀ ਅੰਦੋਲਨ ਕਰੋਨਾ ਜਾਂ ਪਰਾਲੀ ਸਬੰਧੀ ਕੀਤੇ ਪਰਚੇ ਰੱਦ ਕੀਤੇ ਜਾਣ, ਡੇਅਰੀ ਵਾਲੇ ਕਿਸਾਨਾਂ ਨੂੰ ਉਜਾੜਿਆ ਨਾ ਜਾਵੇ ਡੇਅਰੀ ਫਾਰਮਾਂ ਤੇ ਲੱਗਣ ਵਾਲੇ ਕਮਰਸ਼ੀਅਲ ਬਿਜਲੀ ਦਾ ਬਿੱਲ ਰੱਦ ਕੀਤਾ ਜਾਵੇ ਅਤੇ ਸਬਸਿਡੀ ਦੇ ਅਧਾਰ 'ਤੇ ਬਿਜਲੀ ਮੁਆਫ ਕੀਤੀ ਜਾਵੇ। ਸਰਕਾਰ ਵੱਲੋਂ ਕਣਕ 'ਤੇ ਬੋਨਸ ਮੰਨਿਆ ਸੀ, ਪਰ ਅਜੇ ਤਕ ਕਿਸੇ ਵੀ ਕਿਸਾਨ ਨੂੰ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਅਜੇ ਤੱਕ ਧੇਲਾ ਵੀ ਨਹੀਂ ਦਿੱਤਾ ਗਿਆ, ਪਿੰਡਾਂ ਤੇ ਸ਼ਹਿਰਾਂ ਵਿੱਚ ਨਸ਼ਾ ਪਹਿਲਾਂ ਨਾਲੋਂ ਵੀ ਜ਼ਿਆਦਾ ਵਿਕ ਰਿਹਾ, ਇਸੇ ਹੀ ਤਰ੍ਹਾਂ ਦੀਆਂ ਕਈ ਹੋਰ ਮੰਗਾਂ ਦੇ ਸਬੰਧ ਵਿੱਚ ਅੰਮ੍ਰਿਤਸਰ ਦਿੱਲੀ ਹਾਈਵੇ ਸੜਕੀ ਆਵਾਜਾਈ ਬੰਦ ਕਰਕੇ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਗਿਆ। ਜੇਕਰ ਸਰਕਾਰ ਵੱਲੋਂ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਸੱਦੇ 'ਤੇ ਪੰਜਾਬ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਚੜੂਨੀ ਕਿਸਾਨ ਜਥੇਬੰਦੀ ਵਲੋਂ ਖ਼ਰਾਬ ਫ਼ਸਲਾਂ ਲਈ ਮੁਆਵਜ਼ੇ ਦੀ ਮੰਗ, ਦਿੱਤੀ ਸਰਕਾਰ ਨੂੰ ਚੇਤਾਵਨੀ