ਅੰਮ੍ਰਿਤਸਰ: ਜ਼ਿਲ੍ਹੇ ਦੇ ਹਲਕਾ ਮਜੀਠਾ ਪਿੰਡ ਕੱਥੂ ਨੰਗਲ ਦੀ ਰਹਿਣ ਵਾਲੀ 27 ਸਾਲਾ ਨਵਨੀਤ ਕੌਰ ਨੇ ਏਸ਼ੀਅਨ ਯੋਗਾ ਚੈਂਪੀਅਨਸ਼ਿਪ (ਸੀਨੀਅਰ ਵਰਗ ) ਟ੍ਰਡੀਸ਼ਨਲ ਯੋਗਾ ਵਿਚ ਗੋਲਡ ਮੈਡਲ ਹਾਸਲ ਕੀਤਾ। ਥਾਈਲੈਂਡ ਵਿਖੇ ਹੋਈਆਂ ਏਸ਼ੀਆਈ ਗੇਮਾਂ ਵਿਚ ਕੱਥੂਨੰਗਲ਼ ਦੀ ਜੰਮਪਲ ਯੋਗਾ ਖਿਡਾਰਣ ਨਵਨੀਤ ਕੌਰ ਪੁੱਤਰੀ ਕੁਲਦੀਪ ਸਿੰਘ ਮਿਸਤਰੀ ਵਾਸੀ ਪਿੰਡ ਕੱਥੂਨੰਗਲ਼ ਅੰਮ੍ਰਿਤਸਰ ਨੇ ਸੋਨੇ ਅਤੇ ਚਾਂਦੀ ਦਾ ਤਗ਼ਮਾ ਜਿੱਤ ਕੇ ਪਿੰਡ ਦਾ ਤੇ ਭਾਰਤ ਦਾ ਨਾਮ ਰੌਸ਼ਨ ਕੀਤਾ।
ਦੱਸ ਦਈਏ ਕਿ ਥਾਈਲੈਂਡ ਵਿਖੇ ਹੋਈਆਂ ਏਸ਼ੀਆਈ ਗੇਮਾਂ ਦੇ ਵਿਚ ਸੀਨੀਅਰ ਜੋਗਾ ਚੈਂਪੀਅਨਸ਼ਿਪ ਵਿਚ ਯੋਗਾ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਦੀ ਟੀਮ ਨੇ ਭਾਰਤ, ਥਾਈਲੈਂਡ, ਵੀਤਨਾਮ, ਮਲੇਸ਼ੀਆ, ਨੇਪਾਲ, ਸਿੰਗਾਪੁਰ, ਤਾਇਵਾਨ 7 ਦੇਸ਼ਾਂ ਦੇ 95 ਖਿਡਾਰੀਆਂ ਨੇ ਭਾਗ ਲਿਆ ਸੀ ਇਹ ਖੇਡਾਂ ਥਾਈਲੈਂਡ ਦੇ ਸ਼ਹਿਰ ਬੈੰਕੋਕ ਦੇ ਅਗਲੈਂਡਰਾ ਹਾਲ ਵਿੱਚ ਕਰਵਾਈਆਂ ਗਈਆਂ ਸਨ। ਨਵਨੀਤ ਕੌਰ ਨੇ ਦੂਸਰਾ ਰਾਊਂਡ ਜਿੱਤ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਅਤੇ ਤੀਜ਼ਾ ਰਾਊਂਡ ਜਿੱਤ ਕੇ ਸੋਨੇ ਦਾ ਤਗ਼ਮਾ ਭਾਰਤ ਅਤੇ ਪੰਜਾਬ ਦੀ ਝੋਲੀ ਵਿੱਚ ਪਾ ਕੇ ਆਪਣੇ ਪਿੰਡ ਦਾ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ।
ਨਵਨੀਤ ਕੌਰ ਨੇ ਦੱਸਿਆ ਕਿ ਇਹ ਮੈਡਲ ਉਸਦੀ ਲੰਮੇ ਸੰਘਰਸ਼ ਦਾ ਨਤੀਜਾ ਹੈ ਅਤੇ ਇਸ ਤੱਕ ਪੁੱਜਣ ਲਈ ਪਰਿਵਾਰ ਕੋਚ ਅਤੇ ਅੰਦਰਲੇ ਜਨੂੰਨ ਦਾ ਬਹੁਤ ਵੱਡਾ ਸਾਥ ਰਿਹਾ ਹੈ। ਉਸ ਨੇ ਪਹਿਲਾਂ ਵੀ ਕਾਫੀ ਮੁਕਾਬਲਿਆਂ ਵਿੱਚ ਤਮਗੇ ਜਿੱਤੇ ਹਨ ਪਰ ਇਸ ਵਾਰ ਇੰਟਨੈਸ਼ਨਲ ਪੱਧਰ ’ਤੇ ਮਾਣ ਮਿਲਣ ਲਈ ਉਹ ਪਰਮਾਤਮਾ ਦੀ ਧੰਨਵਾਦੀ ਹੈ ਅਤੇ ਇਸ ਨਾਲ ਹੀ ਇਸ ਜੋਰਦਾਰ ਸਵਾਗਤ ਲਈ ਸਮੂਹ ਪਰਿਵਾਰ ਅਤੇ ਇਲਾਕੇ ਦਾ ਧੰਨਵਾਦ ਕਰਦੀ ਹੈ।
ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਬੇਟੀ ਦੀ ਖੁਸ਼ੀ ਲਈ ਅੱਜ ਤੱਕ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਕਦੇ ਵੀ ਆਪਣੇ ਬੇਟਾ ਬੇਟੀ ਵਿੱਚ ਫਰਕ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਫ਼ਖ਼ਰ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੀ ਧੀ ਨੇ ਆਪਣੇ ਪਿਤਾ ਦਾ ਨਾਂ ਪੂਰੇ ਜ਼ਿਲ੍ਹੇ, ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਹੈ।
ਦੱਸ ਦਈਏ ਕਿ ਬੀਤੇ ਦਿਨ ਨਵਨੀਤ ਕੌਰ ਦਾ ਪਿੰਡ ਕੱਥੂਨੰਗਲ਼ ਵਿੱਖੇ ਪੁੱਜਣ ’ਤੇ ਜ਼ੋਰਦਾਰ ਸਵਾਗਤ ਕੀਤਾ ਗਿਆ, ਇਸ ਮੌਕੇ ਜਿੱਥੇ ਭਾਰੀ ਗਿਣਤੀ ’ਚ ਪਹੁੰਚੇ ਲੋਕਾਂ ਨੇ ਤਾੜੀਆਂ ਨਾਲ ਇਸ ਧੀ ਦੇ ਸਵਾਗਤ ਵਿਚ ਆਸਮਾਨ ਗੂੰਜਣ ਲਾ ਦਿੱਤਾ ਉਥੇ ਹੀ ਢੋਲ ਦੀ ਥਾਪ ਤੇ ਭੰਗੜੇ ਤੇ ਬੋਲੀਆਂ ਵੀ ਪਾਈਆਂ ਗਈਆਂ।
ਇਹ ਵੀ ਪੜੋ: 'ਪਿਛਲੇ ਡੇਢ ਮਹੀਨੇ ਤੋਂ ਬੰਦ ਹੈ ਪ੍ਰਾਈਵੇਟ ਹਸਪਤਾਲਾਂ ’ਚ ਆਯੂਸ਼ਮਾਨ ਯੋਜਨਾ', ਸਰਕਾਰ ਬੇਖ਼ਬਰ !