ਅੰਮ੍ਰਿਤਸਰ: ਮਾਵਾਂ ਠੰਢੀਆਂ ਛਾਵਾਂ ਹੁੰਦੀਆਂ ਨੇ । ਮਾਂ ਦੇ ਲਈ ਉਸ ਦਾ ਬੱਚਾ ਭਾਵੇਂ ਨਿੱਕਾ ਹੋਵੇ ਜਾਂ ਕਿਸੇ ਵੀ ਉਮਰ ਦਾ ਹੋਵੇ ਮਾਂ ਹਮੇਸ਼ਾ ਹੀ ਆਪਣੇ ਬੱਚੇ ਦਾ ਲਾਡ-ਪਿਆਰ ਤੇ ਖਿਆਲ ਰੱਖਦੀਹ ਹੈ। ਅਜਿਹੀ ਹੀ ਮਿਸਾਲ ਹੈ 80 ਸਾਲਾ ਸਿਮਰਤੀ ਦੇਵੀ। ਬੁਢਾਪੇ ਦੇ ਇਸ ਪੜਾਅ 'ਤੇ ਅਜੇ ਵੀ ਸਿਮਰਤੀ ਦੇਵੀ ਆਪਣੇ ਦੋ ਨੇਤਰਹੀਣ ਪੁੱਤਰਾਂ ਦੀ ਪਰਵਰਿਸ਼ ਕਰ ਰਹੀ ਹੈ।
ਮਦਰਜ਼ ਡੇਅ ਦੇ ਮੌਕੇ ਉੱਤੇ ਅਸੀਂ ਤੁਹਾਨੂੰ ਸਿਮਰਤੀ ਦੀ ਕਹਾਣੀ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ । ਸਿਮਰਤੀ ਦੇਵੀ ਤਹਿਸੀਲ ਅਜਨਾਲਾ ਦੇ ਪਿੰਡ ਜਸਤਰਵਾਲ ਦੀ ਵਸਨੀਕ ਹੈ। ਸਿਮਰਤੀ ਦੇ ਦੋ ਪੁੱਤਰ ਨੇ , ਪਰ ਉਸ ਦੇ ਦੋਵੇਂ ਪੁੱਤਰ ਜਨਮ ਤੋਂ ਹੀ ਨੇਤਰਹੀਣ ਸਨ। ਸਿਮਰਤੀ ਆਪਣੇ ਪੁੱਤਰਾਂ ਦਾ ਪੂਰਾ ਖਿਆਲ ਰੱਖਦੀ ਹੈ।
ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਦਿਆਂ ਸਿਮਰਤੀ ਦੇਵੀ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰਾਂ ਦਾ ਕਈ ਥਾਵਾਂ ਉੱਤੇ ਇਲਾਜ ਕਰਵਾਇਆ ਪਰ ਕੋਈ ਲਾਭ ਨਹੀਂ ਹੋਇਆ। ਉਹ ਮਿਹਨਤ, ਮਜ਼ਦੂਰੀ ਕਰਕੇ ਜਿਵੇਂ ਵੀ ਹੁੰਦਾ ਹੈ ਆਪਣੇ ਬੱਚਿਆਂ ਦਾ ਖਿਆਲ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਕਈ ਸਾਲ ਪਹਿਲਾਂ ਉਸ ਦੇ ਪਤੀ ਦੀ ਗੰਭੀਰ ਬਿਮਾਰੀ ਕਾਰਨ ਮੌਤ ਹੋ ਗਈ। ਉਸ ਤੋਂ ਬਾਅਦ ਉਹ ਇੱਕਲੇ ਹੀ ਬੱਚਿਆ ਦਾ ਪਾਲਨ ਪੋਸ਼ਣ ਕਰ ਰਹੀ ਹੈ। ਸਿਮਰਤੀ ਕਹਿੰਦੀ ਹੈ ਕਿ ਜਦ ਤੱਕ ਉਸ ਦੀ ਜਾਨ ਹੈ ਉਹ ਆਪਣੇ ਪੁੱਤਰਾਂ ਦੀ ਸੇਵਾ ਕਰਦੀ ਰਹੇਗੀ।
ਸਿਮਰਤੀ ਦੇ ਪੁੱਤਰ ਅਸ਼ੋਕ ਕੁਮਾਰ ਤੇ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਬਚਪਨ ਤੋਂ ਵੇਖ ਨਹੀਂ ਸਕਦੇ। ਜਿਸ ਕਾਰਨ ਉਨ੍ਹਾਂ ਕਈ ਕੰਮ ਕਰਨ ਦੌਰਾਨ ਦਿੱਕਤਾਂ ਪੇਸ਼ ਆਉਂਦੀਆਂ ਹਨ, ਪਰ ਉਨ੍ਹਾਂ ਦਾ ਪੂਰਾ ਖਿਆਲ ਰੱਖਦੀ ਹੈ। ਅਸ਼ੋਕ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਤੱਕ ਕਿਸੇ ਤਰ੍ਹਾਂ ਦੀ ਕੋਈ ਸਰਕਾਰੀ ਸਹਾਇਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਉਹ ਆਪਣੀ ਮਾਂ ਤੋਂ ਬਗੈਰ ਨਹੀਂ ਰਹਿ ਸਕਦੇ।
ਇਹ 80 ਸਾਲਾ ਮਾਂ ਆਪਣੇ ਦੋ ਨੇਤਰਹੀਣ ਪੁੱਤਾਂ ਦਾ ਸਹਾਰਾ ਹੈ। ਸਿਮਰਤੀ ਦੇਵੀ ਇੱਕ ਮਮਤਾਮਈ ਮਾਂ ਦੀ ਮਿਸਾਲ ਹੈ। ਈਟੀਵੀ ਭਾਰਤ ਇਸ ਮਾਂ ਦੇ ਹੌਸਲੇ ਨੂੰ ਸਲਾਮ ਕਰਦਾ ਹੈ।