ਅੰਮ੍ਰਿਤਸਰ : ਲੋਕਸਭਾ ਹਲਕੇ ਅੰਮ੍ਰਿਤਸਰ ਤੋਂ ਸ਼ਾਮ ਲਾਲ ਗਾਂਧੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉੱਤਰੇ ਹਨ ਅਤੇ ਉਹ ਵੱਡੇ-ਵੱਡੇ ਸਿਆਸੀ ਆਗੂਆਂ ਨੂੰ ਟੱਕਰ ਦੇ ਰਹੇ ਹਨ।
ਸ਼ਹਿਰ ਦੇ ਇਸਲਾਮਾਬਾਦ ਇਲਾਕੇ ਵਿੱਚ ਰਹਿਣ ਵਾਲੇ ਦਿਹਾੜੀਦਾਰ ਸ਼ਾਮ ਲਾਲ ਗਾਂਧੀ ਵੀ ਲੋਕਸਭਾ ਚੋਣਾਂ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਈਟੀਵੀ ਭਾਰਤ ਦੀ ਟੀਮ ਨੂੰ ਦੱਸਿਆ ਕਿ ਉਹ ਸਾਲ 2000 ਤੋਂ ਹੀ ਚੋਣ ਲੜ ਰਹੇ ਹਨ। ਇਸ ਵਾਰ ਉਨ੍ਹਾਂ ਨੂੰ ਚੋਣ ਨਿਸ਼ਾਨ ਕੇਤਲੀ ਮਿਲਿਆ ਹੈ। ਉਹ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਸਾਈਕਲ ਉੱਤੇ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਇਸ ਕਾਰਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ।
ਮਹਿਜ 300 ਰੁਪਏ ਕਮਾਉਣ ਵਾਲੇ ਇਸ ਆਜ਼ਾਦ ਉਮੀਦਵਾਰ ਸ਼ਾਮ ਲਾਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਹ ਚੋਣਾਂ ਵਿੱਚ ਜਿੱਤ ਜਾਂਦੇ ਹਨ ਤਾਂ ਉਹ ਨੌਜਵਾਨਾਂ ਲਈ ਨੌਕਰੀ, ਬੁਜ਼ਰਗਾਂ ਲਈ ਬੁਢਾਪਾ ਪੈਂਨਸ਼ਨ ਅਤੇ ਜੰਮੂ -ਕਸ਼ਮੀਰ ਵਿੱਚ ਧਾਰਾ 370 ਨੂੰ ਹਟਾਉਣ ਅਤੇ ਔਰਤਾਂ ਦੀ ਸੁਰੱਖਿਆ ਲਈ ਵਿਸ਼ੇਸ਼ ਤੌਰ 'ਤੇ ਕੰਮ ਕਰਨਗੇ।